ਕਵਾਡ ਨੇ ਚੀਨ-ਸੋਲੋਮਨ ਸਮਝੌਤੇ ''ਤੇ ਚੁੱਕੇ ਸਵਾਲ, ਕਿਹਾ- ਚੀਨ ''ਤੇ ਭਰੋਸਾ ਕਰਨਾ ਮੁਸ਼ਕਲ
Wednesday, Apr 27, 2022 - 05:51 PM (IST)
ਇੰਟਰਨੈਸ਼ਨਲ ਡੈਸਕ- ਕਵਾਡ ਦਾ ਧਿਆਨ ਅਚਾਨਕ ਦੱਖਣੀ ਚੀਨ ਸਾਗਰ ਜਾਂ ਇੰਡੋ-ਪੈਸੇਫਿਕ ਤੋਂ ਦੱਖਣੀ-ਪੱਛਮੀ ਪ੍ਰਸ਼ਾਂਤ ਮਹਾਸਾਗਰ, ਸੋਲੋਮਨ ਟਾਪੂ ਸਮੂਹ 'ਚ 5000 ਕਿਲੋਮੀਟਰ ਦੂਰ ਇਕ ਝੋਟੇ ਜਿਹੇ ਟਾਪੂ ਵਲ ਵਧ ਗਿਆ ਹੈ। ਚੀਨ ਨੇ ਹਾਲ ਹੀ 'ਚ ਸੋਲੋਮਨ ਟਾਪੂਆਂ ਦੇ ਨਾਲ ਇਕ ਦੋ-ਪੱਖੀ ਸਮਝੌਤਾ ਕੀਤਾ ਹੈ ਜਿਸ ਕਾਰਨ ਪੱਛਮੀ ਦੇਸ਼ਾਂ ਦੀ ਚਿੰਤਾ ਵਧ ਗਈ ਹੈ।
ਕਵਾਡ ਨੇ ਚੀਨ-ਸੋਲੋਮਨ ਸਮਝੌਤੇ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਸਮਝੌਤੇ ਨੂੰ ਲੈ ਕੇ ਚੀਨ 'ਤੇ ਭਰੋਸਾ ਕਰਨਾ ਮੁਸ਼ਕਲ ਹੈ। ਦਰਅਸਲ ਕਵਾਡ ਤੇ ਪੱਛਮੀ ਦੇਸ਼ਾਂ ਨੂੰ ਚਿੰਤਾ ਹੈ ਕਿ ਇਕ ਸਮਝੌਤੇ ਰਾਹੀਂ ਆਖ਼ਰਕਾਰ ਟਾਪੂਆਂ ਨੂੰ ਚੀਨੀ ਫੌਜੀ ਅੱਡਿਆਂ ਚ ਬਦਲ ਦਿੱਤਾ ਜਾਵੇਗਾ। ਨਾਰਾਜ਼ ਵਾਸ਼ਿੰਗਟਨ ਨੇ ਤੁਰੰਤ ਟਾਪੂ ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਇਕ ਵਫ਼ਦ ਸੋਲੋਮਨ ਭੇਜਿਆ ਤੇ ਚਿਤਾਵਨੀ ਜਾਰੀ ਕੀਤੀ ਕਿ ਪ੍ਰਸ਼ਾਂਤ ਟਾਪੂ ਰਾਸ਼ਟਰ 'ਤੇ ਸਥਾਈ ਚੀਨੀ ਫੌਜ ਸਥਾਪਤ ਕਰਨ ਦੇ ਕਿਸੇ ਵੀ ਕਦਮ ਨੂੰ ਅਮਰੀਕਾ ਬਰਦਾਸ਼ਤ ਨਹੀਂ ਕਰੇਗਾ ਹਾਲਾਂਕਿ ਅਮਰੀਕਾ ਕਿਹੜਾ ਐਕਸ਼ਨ ਲਵੇਗਾ ਇਹ ਦਸਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਪਰ ਜ਼ਾਹਰ ਤੌਰ 'ਤੇ ਸੋਲੋਮਨ ਟਾਪੂ ਦੇ ਪ੍ਰਧਾਨਮੰਤਰੀ ਮਨਸ਼ੱਸ਼ੇ ਸੋਗਾਵਰੇ ਨੇ ਅਮਰੀਕੀ ਵਫ਼ਦ ਨੂੰ ਕਿਹਾ ਕਿ 'ਇੱਥੇ ਚੀਨ ਦਾ ਕੋਈ ਫ਼ੌਜੀ ਅੱਡਾ ਨਹੀਂ ਹੋਵੇਗਾ ਤੇ ਨਾ ਹੀ ਕੋਈ ਲੰਬੇ ਸਮੇਂ ਦੀ ਮੌਜੂਦਗੀ ਹੋਵੇਗੀ, ਸੁਰੱਖਿਆ ਸਮਝੌਤੇ ਦੇ ਤਹਿਤ ਕੋਈ ਸ਼ਕਤੀ ਪ੍ਰਦਰਸ਼ਨ ਦੀ ਸਮਰਥਾ ਨਹੀਂ ਹੋਵੇਗੀ।' ਹਾਲਾਂਕਿ ਅਮਰੀਕਾ ਸੋਲੋਮਨ ਦੇ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਪਰ ਉਹ ਇਸ ਪੱਧਰ 'ਤੇ ਕੁਝ ਕਰਨ ਦੀ ਸਥਿਤੀ 'ਚ ਨਹੀਂ ਹੈ। ਇਸ ਦੇ ਸਾਹਮਣੇ ਅਫ਼ਰੀਕਾ ਦੇ ਹੌਰਨ 'ਤੇ ਜਿਬੂਤੀ ਦਾ ਉਦਾਹਰਣ ਹੈ ਜਿੱਥੇ ਚੀਨ ਨੇ ਸ਼ੁਰੂ 'ਚ ਇਕ ਸੁਰੱਖਿਆ ਸਮਝੌਤੇ ਦੇ ਤਹਿਤ ਪ੍ਰਵੇਸ਼ ਕੀਤਾ ਜੋ ਆਖ਼ਰਕਾਰ ਚੀਨੀ ਜਲ ਸੈਨਾ ਦੇ ਅੱਡੇ ਦੇ ਤੌਰ 'ਤੇ ਵਿਕਸਿਤ ਹੋਇਆ।
ਇਸ ਦਰਮਿਆਨ ਆਸਟਰੇਲੀਆ ਦੀ ਪ੍ਰਮੁੱਖ ਵਿਰੋਧੀ ਪਾਰਟੀ ਨੇ ਸੋਲੋਮਨ ਆਇਰਲੈਂਡ 'ਤੇ ਚੀਨੀ ਫ਼ੌਜ ਦੀ ਸੰਭਾਵਿਤ ਮੌਜੂਦਗੀ ਦੇ ਮੱਦੇਨਜ਼ਰ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੀ ਫ਼ੌਜਾਂ ਨੂੰ ਸਿਖਲਾਈ ਦੇਣ ਲਈ ਪ੍ਰਸ਼ਾਂਤ ਰੱਖਿਆ ਸਕੂਲ ਖੋਲਣ ਦਾ ਮੰਗਲਵਾਰ ਨੂੰ ਵਾਅਦਾ ਕੀਤਾ। ਵਿਰੋਧੀ ਦਲ 'ਲੇਬਰ ਪਾਰਟੀ' ਦਾ ਇਹ ਐਲਾਨ ਉਨ੍ਹਾਂ ਯੋਜਨਾਵਾਂ ਦਾ ਹਿੱਸਾ ਹੈ ਜਿਨ੍ਹਾਂ ਨੂੰ ਉਸ ਨੇ 21 ਮਈ ਹੋਣ ਵਾਲੀਆਂ ਚੋਣਾਂ 'ਚ ਪਾਰਟੀ ਦੇ ਜਿੱਤਣ 'ਤੇ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਚੀਨ ਤੇ ਸੋਲੋਮਨ ਆਇਰਲੈਂਡ ਦਰਮਿਆਨ ਪਿਛਲੇ ਹਫ਼ਤੇ ਹੋਏ ਸੁਰੱਖਿਆ ਸਮਝੌਤਿਆਂ ਨੂੰ ਲੈ ਕੇ ਪ੍ਰਧਾਨਮੰਤਰੀ ਸਕਾਟ ਮੌਰਿਸਨ ਦੀ ਆਲੋਚਨਾ ਕੀਤੀ ਹੈ। ਆਸਟਰੇਲੀਆ ਤੇ ਅਮਰੀਕਾ ਨੂੰ ਡਰ ਹੈ ਕਿ ਇਸ ਸਮਝੌਤੇ ਨਾਲ ਚੀਨੀ ਜਲ ਸੈਨਾ ਆਸਟਰੇਲੀਆ ਦੇ ਉੱਤਰ-ਪੂਰਬ ਤਟ ਤੋਂ ਸਿਰਫ਼ ਦੋ ਹਜ਼ਾਰ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਆ ਜਾਵੇਗੀ। ਇਸ ਗੱਲ ਦੀ ਚਿੰਤਾ ਜਤਾਈ ਜਾ ਰਹੀ ਹੈ ਕਿ ਮਹਾਮਾਰੀ ਕਾਰਨ ਆਰਥਿਕ ਤੌਰ 'ਤੇ ਕਮਜ਼ੋਰ ਹੋਏ ਦੇਸ਼ਾਂ ਨੂੰ ਵੀ ਚੀਨ ਇਸ ਤਰ੍ਹਾਂ ਦੇ ਲੁਭਾਵਨੇ ਪ੍ਰਸਤਾਵ ਦੇ ਸਕਦਾ ਹੈ।