Quad ਬੈਠਕ ''ਤੇ ਚੀਨੀ ਮੀਡੀਆ ਨੇ ਵਿੰਨ੍ਹਿਆ ਨਿਸ਼ਾਨਾ, ਆਸਟ੍ਰੇਲੀਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ
Wednesday, Oct 07, 2020 - 06:29 PM (IST)
ਬੀਜਿੰਗ/ਮੈਲਬੌਰਨ (ਬਿਊਰੋ): ਏਸ਼ੀਆ ਵਿਚ ਚੀਨ ਨਾਲ ਵੱਧਦੇ ਖਤਰਿਆਂ ਨਾਲ ਨਜਿੱਠਣ ਲਈ ਮੰਗਲਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ 'ਦੀ ਕਵਾਡੀਲੇਟਰਲ ਸਿਕਓਰਿਟੀ ਡਾਇਲਾਗ (Quad) ਦੀ ਦੂਜੀ ਬੈਠਕ ਹੋਈ। ਇਸ ਬੈਠਕ 'ਤੇ ਚੀਨ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਸਨ। ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਜਿਵੇਂ ਹੀ ਖਤਮ ਹੋਈ ਉਵੇਂ ਹੀ ਚੀਨ ਦੀ ਸਰਕਾਰੀ ਮੀਡੀਆ ਨੇ ਇਸ ਦੇ ਖਿਲਾਫ਼ ਆਪਣਾ ਪ੍ਰੋਪੇਗੈਂਡਾ ਵਾਰ ਕਰਨਾ ਸ਼ੁਰੂ ਕਰ ਦਿੱਤਾ। ਗਲੋਬਲ ਟਾਈਮਜ਼ ਨੇ ਆਪਣੀ ਖਬਰ ਦੀ ਹੈਡਲਾਈਨ ਦਿੰਦੇ ਹੋਏ ਲਿਖਿਆ ਕਿ ਇਸ ਬੈਠਕ ਵਿਚ ਸਾਰੇ 'ਭੌਂਕਦੇ ਨਜ਼ਰ ਆਏ' ਅਤੇ ਕਿਸੇ ਨੇ 'ਕੱਟਿਆ ਨਹੀਂ'।
ਅਮਰੀਕਾ ਨੇ ਚੀਨ 'ਤੇ ਵਿੰਨ੍ਹਿਆ ਨਿਸ਼ਾਨਾ
ਗਲੋਬਲ ਟਾਈਮਜ਼ ਨੇ ਆਪਣੀ ਸੰਪਾਦਕੀ ਵਿਚ ਕਵਾਡ ਦੀ ਦੂਜੀ ਬੈਠਕ ਨੂੰ ਅਸਫਲ ਦੱਸਦਿਆਂ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਸ ਨੇ ਲਿਖਿਆ ਕਿ ਟੋਕੀਓ ਵਿਚ ਮੰਗਲਵਾਰ ਨੂੰ ਤਥਾਕਥਿਤ ਕਵਾਡ ਦੇਸ਼ਾਂ ਦੀ ਬੈਠਕ ਦੇ ਬਾਵਜੂਦ ਕੋਈ ਸੰਯੁਕਤ ਬਿਆਨ ਜਾਰੀ ਨਹੀਂ ਕੀਤਾ ਗਿਆ। ਬੈਠਕ ਦੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਦੱਖਣ ਅਤੇ ਪੂਰਬੀ ਚੀਨ ਸਾਗਰ, ਮੇਕਾਂਗ, ਹਿਮਾਲਿਆ ਖੇਤਰ ਅਤੇ ਤਾਈਵਾਨ ਦੀ ਖਾੜੀ ਵਿਚ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਸ਼ੋਸ਼ਣ,ਜ਼ਬਰਦਸਤੀ ਅਤੇ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਲਈ ਇਹ ਮਹੱਤਵਪੂਰਨ ਸਮਾਂ ਹੈ।
ਆਸਟ੍ਰੇਲੀਆ ਅਤੇ ਜਾਪਾਨ ਨੇ ਨਹੀਂ ਲਿਆ ਚੀਨ ਦਾ ਨਾਮ
ਚੀਨੀ ਮੀਡੀਆ ਨੇ ਕਵਾਡ ਬੈਠਕ ਨੂੰ ਅਸਫਲ ਦੱਸਦੇ ਹੋਏ ਕਿਹਾ ਕਿ ਇਸ ਬੈਠਕ ਤੋਂ ਵੱਖ ਪੋਂਪਿਓ ਦੇ ਨਾਲ ਵੱਖ-ਵੱਖ ਦੋ-ਪੱਖੀ ਵਾਰਤਾ ਦੇ ਦੌਰਾਨ ਆਸਟ੍ਰੇਲੀਆ ਅਤੇ ਜਾਪਾਨੀ ਵਿਦੇਸ਼ ਮੰਤਰੀਆਂ ਮਾਰਿਸ ਪਾਯਨੇ ਅਤੇ ਤੋਸ਼ਿਮਿਤਸੁ ਮੋਤੇਗੀ ਨੇ ਆਪਣੇ ਭਾਸ਼ਣਾਂ ਵਿਚ ਚੀਨ ਦਾ ਜ਼ਿਕਰ ਨਹੀਂ ਕੀਤਾ। ਇਸ ਸਬੰਧੀ ਤਰਕ ਦਿੱਤਾ ਜਾ ਸਕਦਾ ਹੈ ਕਿ ਚੀਨ ਦਾ ਨਾਮ ਨਾ ਲੈਣ ਦੀ ਆਸ ਪਹਿਲਾਂ ਹੀ ਕੀਤੀ ਜਾ ਰਹੀ ਸੀ। ਕਿਉਂਕਿ ਕਵਾਡ ਦਾ ਹਰੇਕ ਮੈਂਬਰ ਆਪਣੇ ਖੁਦ ਦੇ ਵੱਖ-ਵੱਖ ਹਿੱਤਾਂ ਦੇ ਮੁਤਾਬਕ ਇਸ ਵਿਚ ਗੱਲ ਕਰ ਰਿਹਾ ਹੈ।
ਭਾਰਤ ਦੀ ਤਾਕਤ ਨਾਲ ਚੀਨ ਨੂੰ ਦਬਾਉਣਾ ਚਾਹੁੰਦਾ ਹੈ ਅਮਰੀਕਾ
ਅਮਰੀਕਾ 'ਤੇ ਹਮਲਾ ਬੋਲਦੇ ਹੋਏ ਗਲੋਬਲ ਟਾਈਮਜ਼ ਨੇ ਲਿਖਿਆ ਕਿ ਯੂ.ਐੱਸ. ਦਾ ਜਾਪਾਨ ਅਤੇ ਆਸਟ੍ਰੇਲੀਆ ਦੇ ਨਾਲ ਪਹਿਲਾਂ ਹੀ ਮਿਲਟਰੀ ਸਮਝੌਤਾ ਹੈ। ਹੁਣ ਇਸ ਦੀ ਇੱਛਾ ਏਸ਼ੀਆ ਵਿਚ ਭਾਰਤ ਦੇ ਨਾਲ ਮਿਲਟਰੀ ਗਠਜੋੜ ਕਰਨ ਦੀ ਹੈ। ਉਹ ਭਾਰਤ ਨੂੰ ਇਸ ਗਠਜੋੜ ਦਾ ਹਿੱਸਾ ਬਣਾ ਕੇ ਚੀਨ ਨੂੰ ਦਬਾਉਣ ਲਈ ਰੱਸੀ ਦੇ ਤੌਰ 'ਤੇ ਕਰਨਾ ਚਾਹੁੰਦਾ ਹੈ। ਭਾਵੇਂਕਿ ਇਸ ਤਰ੍ਹਾਂ ਦੇ ਟੀਚੇ ਨੂੰ ਹਾਸਲ ਕਰਨਾ ਕਿਸੇ ਵੀ ਦੇਸ਼ ਲਈ ਆਸਾਨ ਨਹੀਂ।
ਗਲੋਬਲ ਟਾਈਮਜ਼ ਨੇ ਜ਼ਾਹਰ ਕੀਤੀ ਇਹ ਆਸ
ਗਲੋਬਲ ਟਾਈਮਜ਼ ਨੇ ਇਹ ਆਸ ਜ਼ਾਹਰ ਕੀਤੀ ਕਿ ਭਾਰਤ ਕਦੇ ਵੀ ਅਮਰੀਕਾ ਦਾ ਪੱਖ ਨਹੀਂ ਲਵੇਗਾ। ਸ਼ੀਤ ਯੁੱਧ ਦੇ ਬਾਅਦ ਤੋਂ ਹੀ ਉਹ ਭਾਰਤ ਨੂੰ ਆਪਣੇ ਪੱਖ ਵਿਚ ਕਰਨ ਲਈ ਲਾਲਚ ਦੇ ਰਿਹਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ ਜੋ ਆਪਣੀ ਵਾਸਤਵਿਕ ਤਾਕਤ ਦੀ ਤੁਲਨਾ ਵਿਚ ਵੱਧ ਆਤਮਵਿਸ਼ਵਾਸ ਰੱਖਦਾ ਹੈ। ਭਾਰਤ ਆਪਣੀ ਜਨਤਾ ਵਿਚ ਮਜ਼ਬੂਤ ਰਾਸ਼ਟਰਵਾਦ ਦੇ ਨਾਲ ਇਕ ਮਹਾਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ। ਇਸ ਲਈ ਉਸ ਦੇ ਅਮਰੀਕਾ ਦਾ ਪੱਖ ਲੈਣ ਦੀ ਕੋਈ ਆਸ ਨਹੀਂ ਹੈ।
ਜਾਪਾਨ ਨੂੰ ਚੀਨ ਦੀ ਲੋੜ
ਜਾਪਾਨ ਲੰਬੇ ਸਮੇਂ ਤੋਂ ਇਕ ਅਸਧਾਰਨ ਰਾਜ ਅਤੇ ਇਕ ਪ੍ਰਮੁੱਖ ਸ਼ਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਤਿਹਾਸਿਕ ਰੂਪ ਨਾਲ ਜਾਪਾਨ ਹਮੇਸ਼ਾ ਤੋਂ ਆਪਣੀ ਕੂਟਨੀਤੀ ਸ਼ਕਤੀਸ਼ਾਲੀ ਦੇਸ਼ਾਂ ਦੀ ਨਕਲ ਕਰਦਾ ਰਿਹਾ ਹੈ। ਫਿਰ ਵੀ ਜਾਪਾਨ ਆਪਣੀਆਂ ਨੀਤੀਆਂ ਦੇ ਲਈ ਅਮਰੀਕਾ ਦਾ ਸਾਥ ਨਹੀਂ ਦੇਵੇਗਾ। ਇਸ ਦੇ ਇਲਾਵਾ ਜਾਪਾਨ ਨੰ ਇਕ ਸਧਾਰਨ ਰਾਸ਼ਟਰ ਬਣਨ ਅਤੇ ਪ੍ਰਮੁੱਖ ਸ਼ਕਤੀ ਦਾ ਦਰਜਾ ਪਾਉਣ ਲਈ ਚੀਨ ਦੇ ਸਮਰਥਨ ਦੀ ਲੋੜ ਹੈ।
ਆਸਟ੍ਰੇਲੀਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ
ਗਲੋਬਲ ਟਾਈਮਜ਼ ਨੇ ਆਸਟ੍ਰੇਲੀਆ ਨੂੰ ਸ਼ਰੇਆਮ ਧਮਕੀ ਵੀ ਦਿੱਤੀ। ਚੀਨੀ ਮੀਡੀਆ ਨੇ ਕਿਹਾ ਕਿ ਆਸਟ੍ਰੇਲੀਆ ਅਮਰੀਕੀ ਸਰਕਾਰ ਦਾ ਵਫਾਦਾਰ ਚੇਲਾ ਲੱਗਦਾ ਹੈ। ਇਹ ਕਵਾਡ ਗਠਜੋੜ ਨੂੰ ਵਧਾਵਾ ਦੇ ਕੇ ਆਪਣੀ ਖੁਦ ਦੀ ਗਲੋਬਲ ਸਥਿਤੀ ਨੂੰ ਵਧਾਵਾ ਦੇਣਾ ਚਾਹੁੰਦਾ ਹੈ। ਪਰ ਅਸਲ ਵਿਚ ਆਸਟ੍ਰੇਲੀਆ ਆਪਣੀ ਸੀਮਤ ਅਰਥਵਿਵਸਥਾ ਅਤੇ ਆਬਾਦੀ ਦੇ ਦੇ ਨਾਲ ਜ਼ਿਆਦਾ ਤਾਕਤ ਨਹੀਂ ਰੱਖਦਾ। ਉੱਧਰ ਕੈਨਬਰਾ ਚੀਨ ਨੂੰ ਬਦਨਾਮ ਕਰਨ 'ਤੇ ਤੁਲਿਆ ਹੋਇਆ ਹੈ ਤਾਂ ਇਸ ਲਈ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।