ਚੀਨ ਦਾ ਮੁਕਾਬਲਾ ਕਰਨ ਦੀ ਤਿਆਰੀ 'ਚ 4 ਮਹਾਸ਼ਕਤੀਆਂ, ਬਣਾਉਣਗੀਆਂ 'ਏਸ਼ੀਆਈ ਨਾਟੋ' ਦੀ ਰੂਪਰੇਖਾ

09/30/2020 3:29:53 PM

ਟੋਕੀਓ/ਸਿਡਨੀ (ਬਿਊਰੋ): ਚੀਨ ਪੂਰਬੀ ਜਾਪਾਨ ਸਾਗਰ ਤੋਂ ਲੈਕੇ ਲੱਦਾਖ ਤੱਕ ਆਪਣੀ ਦਾਦਾਗਿਰੀ ਦਿਖਾ ਰਿਹਾ ਹੈ। ਚੀਨ ਦੀਆਂ ਹਮਲਾਵਰ ਅਤੇ ਉਕਸਾਉਣ ਵਾਲੀਆਂ ਨੀਤੀਆਂ ਦਾ ਸਾਹਮਣਾ ਕਰ ਰਹੇ ਦੁਨੀਆ ਦੇ ਚਾਰ ਮਹਾਸ਼ਕਤੀਸ਼ਾਲੀ ਦੇਸ਼ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਡ੍ਰੈਗਨ ਨਾਲ ਟਕਰਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਯੋਜਨਾ ਦੀ ਰੂਪਰੇਖਾ ਬਣਾਉਣ ਲਈ ਇਹਨਾਂ ਚਾਰੇ ਦੇਸ਼ਾਂ ਦੇ ਵਿਦੇਸ਼ ਮੰਤਰੀ 6 ਅਕਤੂਬਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਮਿਲਣਗੇ। 'ਦੀ ਕਵਾਡ੍ਰੀਲੇਟਰਲ ਸਿਕਓਰਿਟੀ ਡਾਇਲਾਗ' (Quad) ਦੇ ਇਹ ਮੈਂਬਰ ਦੇਸ਼ ਇੰਡੋ-ਪੈਸੀਫਿਕ ਇਲਾਕੇ ਨੂੰ ਸੁਤੰਤਰ ਅਤੇ ਮੁਕਤ ਬਣਾਈ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣਗੇ ਅਤੇ 'ਏਸ਼ੀਆਈ ਨਾਟੋ' ਦੀ ਰੂਪਰੇਖਾ ਬਣਾਉਣਗੇ।

ਇੱਥੇ ਦੱਸ ਦਈਏ ਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਇਸੇ ਦਾਦਾਗਿਰੀ ਨੂੰ ਰੋਕਣ ਲਈ ਜਾਪਾਨ ਅਤੇ ਭਾਰਤ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ। ਇਸੇ ਸਿਲਸਿਲੇ ਵਿਚ ਜਾਪਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਯੋਸ਼ਿਦੇ ਸੁਗਾ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਸੀ। ਇਸ ਗੱਲਬਾਤ ਦੇ ਦੌਰਾਨ ਪੀ.ਐੱਮ. ਮੋਦੀ ਅਤੇ ਸੁਗਾ ਨੇ ਚੀਨ ਨਾਲ ਵੱਧਦੇ ਖਤਰੇ ਨੂੰ ਘੱਟ ਕਰਨ ਲਈ ਕਵਾਡ ਦਾ ਸੁਝਾਅ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਜਾਪਾਨੀ ਪ੍ਰਧਾਨ ਮੰਤਰੀ ਦੇ ਸੁਝਾਅ 'ਤੇ ਹੁਣ 6 ਅਕਤੂਬਰ ਨੂੰ ਚਾਰੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਣ ਜਾ ਰਹੀ ਹੈ। 

ਜਾਪਾਨੀ ਪੀ.ਐੱਮ. ਨੇ ਮੋਦੀ ਨੂੰ ਕਿਹਾ ਸੀ ਕਿ ਉਹ ਫ੍ਰੀ ਅਤੇ ਓਪਨ ਇੰਡੋ-ਪੈਸੀਫਿਕ ਰੀਜਨ ਦੇ ਲਈ ਭਾਰਤ-ਜਾਪਾਨ-ਆਸਟ੍ਰੇਲੀਆ ਅਤੇ ਅਮਰੀਕਾ ਦੇ ਵਿਚ ਸਹਿਯੋਗ ਨੂੰ ਵਧਾਉਣਾ ਚਾਹੁੰਦੇ ਹਨ। ਇੱਥੇ ਦੱਸ ਦਈਏ ਕਿ ਚੀਨ ਨਾਲ ਵੱਧਦੇ ਖਤਰਿਆਂ ਨੂੰ ਦੇਖਦੇ ਹੋਏ ਇਹਨਾਂ ਚਾਰੇ ਦੇਸ਼ਾਂ ਨੇ ਮਿਲ ਕੇ ਕਵਾਡ ਬਣਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਇਲਾਵਾ ਸੁਗਾ ਨੇ ਸੰਯੁਕਤ ਰਾਸ਼ਟਰ ਵਿਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਸਬੰਧੀ ਗੱਲਬਾਤ ਕੀਤੀ ਹੈ। ਚੀਨ ਨਾਲ ਖਤਰੇ ਨੂੰ ਦੇਖਦੇ ਹੋਏ ਭਾਰਤੀ ਅਤੇ ਜਾਪਾਨੀ ਆਰਮੀ ਚੀਫ ਵੀ ਲਗਾਤਾਰ ਇਕ-ਦੂਜੇ ਦੇ ਸੰਪਰਕ ਵਿਚ ਹਨ। 14 ਸਤੰਬਰ ਨੂੰ ਹੀ ਜਾਪਾਨੀ ਫੌਜ ਦੇ ਚੀਫ ਆਫ ਸਟਾਫ ਜਨਰਲ ਯੂਸਾ ਨੇ ਭਾਰਤੀ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਦੋਹਾਂ ਫੌਜ ਪ੍ਰਮੁੱਖਾਂ ਨੇ ਇੰਡੋ ਪੈਸੀਫਿਕ ਖੇਤਰ ਵਿਚ ਚੀਨ ਦੀ ਵੱਧਦੀ ਘੁਸਪੈਠ ਦੇ ਖਿਲਾਫ਼ ਆਪਸੀ ਸਹਿਯੋਗ ਵਧਾਉਣ 'ਤੇ ਸਹਿਮਤੀ ਜ਼ਾਹਰ ਕੀਤੀ ਸੀ।


Vandana

Content Editor

Related News