ਪੁਤਿਨ ਨੇ ਦਿੱਤੀ ਧਮਕੀ, ਜੇਕਰ ਯੂਕਰੇਨ ਨਾਟੋ ''ਚ ਸ਼ਾਮਲ ਹੋਇਆ ਤਾਂ ਹੋਵੇਗਾ ਪਰਮਾਣੂ ਯੁੱਧ
Wednesday, Feb 09, 2022 - 06:49 PM (IST)
ਮਾਸਕੋ (ਬਿਊਰੋ): ਯੂਕਰੇਨ ਨੂੰ ਲੈ ਕੇ ਜਾਰੀ ਤਣਾਅ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ। ਪੁਤਿਨ ਮੁਤਾਬਕ ਜੇਕਰ ਕੀਵ ਨਾਟੋ ਵਿੱਚ ਸ਼ਾਮਲ ਹੁੰਦਾ ਹੈ ਤਾਂ ਪਰਮਾਣੂ ਯੁੱਧ ਹੋਵੇਗਾ। ਪੁਤਿਨ ਨੇ ਇਹ ਚਿਤਾਵਨੀ ਅਜਿਹੇ ਸਮੇਂ 'ਤੇ ਦਿੱਤੀ ਹੈ ਜਦੋਂ ਰੂਸ ਨੇ ਪੋਲੈਂਡ ਦੀ ਸੀਮਾ ਨੇੜੇ ਪਰਮਾਣੂ ਹਥਿਆਰ ਲਿਜਾਣ ਵਿੱਚ ਸਮਰੱਥ ਮਿਗ 31 ਦੇ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਰੂਸ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਹੈ ਕਿ ਪੁਤਿਨ ਅਤੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵਿਚਕਾਰ ਗੱਲਬਾਤ ਦੌਰਾਨ ਯੂਕਰੇਨ 'ਤੇ ਡੀਲ ਹੋ ਗਈ ਹੈ।
ਰੂਸ ਦਾ ਇਹ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਫਰਾਂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ 'ਤੇ ਰੂਸੀ ਰਾਸ਼ਟਰਪਤੀ ਨਾਲ ਗੱਲਬਾਤ ਵਿੱਚ ਯੂਕਰੇਨ 'ਤੇ ਰਿਆਇਤ ਮਿਲ ਗਈ ਹੈ। ਪੁਤਿਨ ਨੇ ਇਸ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਪੱਛਮੀ ਦੇਸ਼ਾਂ ਨੇ ਸਾਡੀਆਂ ਚਿੰਤਾਵਾਂ 'ਤੇ ਕੋਈ ਧਿਆਨ ਨਹੀਂ ਦਿੱਤਾ। ਮੈਕਰੋਂ ਨੇ ਕਿਹਾ ਕਿ ਪੁਤਿਨ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹ ਯੂਕਰੇਨ ਵਿੱਚ ਤਣਾਅ ਨੂੰ ਨਹੀਂ ਭੜਕਾਉਣਗੇ ਅਤੇ ਬੇਲਾਰੂਸ ਵਿੱਚ ਨਾ ਤਾਂ ਰੂਸ ਦਾ ਸਥਾਈ ਟਿਕਾਣਾ ਹੋਵੇਗਾ ਅਤੇ ਨਾ ਹੀ ਰੂਸੀ ਸੈਨਾ ਦੀ ਤਾਇਨਾਤੀ ਸਥਾਈ ਹੋਵੇਗੀ। ਰੂਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਸੈਨਿਕ ਬੇਲਾਰੂਸ ਭੇਜੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 'ਕ੍ਰਿਪਟੋਕਰੰਸੀ' ਦੇ ਰੂਪ 'ਚ 3.60 ਅਰਬ ਡਾਲਰ ਦਾ ਗੈਰ ਕਾਨੂੰਨੀ ਪੈਸਾ ਜ਼ਬਤ, ਜੋੜਾ ਗ੍ਰਿਫ਼ਤਾਰ
ਰੂਸ ਇਕ ਪ੍ਰਮੁੱਖ ਪਰਮਾਣੂ ਤਾਕਤ
ਰੂਸੀ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਫਰਾਂਸ ਦੇ ਬਿਆਨ 'ਤੇ ਕਿਹਾ ਕਿ ਇਹ ਖ਼ਬਰਾਂ ਗਲਤ ਹਨ ਕਿਉਂਕਿ ਮਾਸਕੋ ਅਤੇ ਪੇਰਿਸ ਦਾ ਕਿਸੇ ਵੀ ਡੀਲ 'ਤੇ ਪਹੁੰਚਣਾ ਅਸੰਭਵ ਹੈ। ਉਹਨਾਂ ਨੇ ਕਿਹਾ ਕਿ ਰੂਸ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਹੱਲ ਦਾ ਕੋਈ ਰਾਸਤਾ ਨਹੀਂ ਹੈ ਅਤੇ ਚਿਤਾਵਨੀ ਦਿੱਤੀ ਕਿ ਤਣਾਅ ਘਟਾਉਣ ਦੀ ਲੋੜ ਹੈ ਕਿਉਂਕਿ ਇਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੁਤਿਨ ਅਤੇ ਮੈਕਰੋਂ ਵਿਚਕਾਰ ਕਈ ਘੰਟੇ ਤੱਕ ਗੱਲਬਾਤ ਚੱਲੀ ਸੀ।
ਪੁਤਿਨ ਨੇ ਫ੍ਰਾਂਸੀਸੀ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਇੱਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਨ ਕਿ ਜੇਕਰ ਯੂਕਰੇਨ ਨਾਟੋ ਵਿੱਚ ਸ਼ਾਮਲ ਹੁੰਦਾ ਹੈ ਤਾਂ ਯੂਰਪੀਅਨ ਦੇਸ਼ ਖੁਦ ਹੀ ਰੂਸ ਨਾਲ ਜੰਗ ਵਿੱਚ ਖਿੱਚੇ ਜਾਣਗੇ। ਪੁਤਿਨ ਨੇ ਚਿਤਾਵਨੀ ਦਿੱਤੀ ਕਿ ਨਿਸ਼ਚਿਤ ਤੌਰ 'ਤੇ ਨਾਟੋ ਅਤੇ ਰੂਸ ਦੇ ਵਿਚਕਾਰ ਮਿਲਟਰੀ ਸ਼ਕਤੀ ਬੇਮਿਸਾਲ ਹੈ। ਅਸੀਂ ਇਸ ਨੂੰ ਸਮਝਦੇ ਹਾਂ ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਰੂਸ ਇੱਕ ਪ੍ਰਮੁੱਖ ਪ੍ਰਮਾਣੂ ਸ਼ਕਤੀ ਹੈ ਅਤੇ ਕੁਝ ਆਧੁਨਿਕ ਹਥਿਆਰ ਤਾਂ ਕਈਆਂ ਨੂੰ ਪਿੱਛੇ ਛੱਡ ਸਕਦੇ ਹਨ। ਇਸ ਵਿਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਤੁਸੀਂ ਆਪਣੀ ਮਰਜ਼ੀ ਦੇ ਬਿਨਾਂ ਇਸ ਵਿਵਾਦ ਵਿੱਚ ਸ਼ਾਮਲ ਹੋ ਜਾਓਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।