ਯੂਕ੍ਰੇਨ ’ਚ ਨਾਟੋ ਦੇ ਦਖ਼ਲ ਕਾਰਨ ਰੂਸੀ ਰਾਸ਼ਟਰਪਤੀ ਨਾਰਾਜ਼, ਪ੍ਰਮਾਣੂ ਹਮਲੇ ਨੂੰ ਲੈ ਕੇ ਦਿੱਤੀ ਇਹ ਚਿਤਾਵਨੀ
Sunday, Jul 07, 2024 - 09:11 AM (IST)

ਮਾਸਕੋ (ਭਾਸ਼ਾ) - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯੂਕ੍ਰੇਨ ਵਿਰੁੱਧ ਜਿੱਤ ਹਾਸਲ ਕਰਨ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਰ ਜੇ ਯੂਕ੍ਰੇਨ ਦੀ ਮਦਦ ਕਰਨ ਵਾਲੇ ਪੱਛਮੀ ਦੇਸ਼ ਇਹ ਸੋਚਦੇ ਹਨ ਕਿ ਮਾਸਕੋ ਅਜਿਹਾ ਕਦੇ ਨਹੀਂ ਕਰੇਗਾ ਤਾਂ ਇਹ ਉਨ੍ਹਾਂ ਦੀ ਗਲਤੀ ਹੈ। ਅਸੀਂ ਇਸ ਤੋਂ ਪਿੱਛੇ ਵੀ ਨਹੀਂ ਹਟਾਂਗੇ।
ਪੁਤਿਨ ਨੇ ਇਹ ਸੰਦੇਸ਼ ਅਜਿਹੇ ਸਮੇਂ ਦਿੱਤਾ ਹੈ ਜਦੋਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਯੂਕ੍ਰੇਨ ਦੀਆਂ ਫੌਜਾਂ ਨੂੰ ਮਦਦ ਦੇਣ ਲਈ ਕਦਮ ਚੁੱਕ ਰਹੇ ਹਨ। ਪੁਤਿਨ ਨੇ ਇਨ੍ਹਾਂ ਨਾਟੋ ਮੈਂਬਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਯੂਕ੍ਰੇਨ ਨੂੰ ਫੌਜੀ ਮਦਦ ਦੇਣ ਨਾਲ ਰੂਸ ਨਾਲ ਟਕਰਾਅ ਹੋ ਸਕਦਾ ਹੈ ਜੋ ਪ੍ਰਮਾਣੂ ਸੰਘਰਸ਼ ’ਚ ਬਦਲ ਸਕਦਾ ਹੈ।
ਮਾਸਕੋ ਨੇ ਦੱਖਣੀ ਰੂਸ ’ਚ ਸਹਿਯੋਗੀ ਦੇਸ਼ ਬੇਲਾਰੂਸ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਲਈ ਰਣਨੀਤਕ ਤਿਆਰੀਆਂ ਕੀਤੀਆਂ ਹਨ। ਪੱਛਮੀ ਦੇਸ਼ ਯੂਕ੍ਰੇਨ ’ਚ ਨਾਟੋ ਫੌਜੀਆਂ ਦੀ ਤਾਇਨਾਤੀ ’ਤੇ ਵਿਚਾਰ ਕਰ ਰਹੇ ਹਨ ਤੇ ਇਸ ਨੂੰ ਰੂਸੀ ਖੇਤਰ ’ਤੇ ਸੀਮਤ ਹਮਲਿਆਂ ਲਈ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਰਹੇ ਹਨ। ਰੂਸ ਨੇ ਆਪਣੇ ਫੌਜੀ ਅਭਿਆਸ ਨੂੰ ਪੱਛਮੀ ਦੇਸ਼ਾਂ ਦੇ ਇਸ ਕਦਮ ਦੀ ਹੀ ਪ੍ਰਤੀਕਿਰਿਆ ਦੱਸਿਆ ਹੈ।