ਚੋਣਾਂ 'ਚ ਦਖਲ ਦੇਣ ਲਈ ਪੁਤਿਨ ਜ਼ਿੰਮੇਵਾਰ : ਟਰੰਪ
Thursday, Jul 19, 2018 - 02:11 PM (IST)
ਵਾਸ਼ਿੰਗਟਨ,(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ 2016 'ਚ ਆਮ ਚੋਣਾਂ 'ਚ ਕਥਿਤ ਦਖਲ ਲਈ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਜ਼ਿੰਮੇਵਾਰ ਮੰਨਦੇ ਹਨ। ਟਰੰਪ ਨੇ ਸੋਮਵਾਰ ਨੂੰ ਫਿਨਲੈਂਡ ਦੇ ਹੇਲਸਿੰਕੀ 'ਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲ ਦੇ ਮੁੱਦੇ ਨੂੰ ਉਠਾਇਆ ਸੀ। ਟਰੰਪ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ 2016 ਦੀਆਂ ਚੋਣਾਂ ਦੌਰਾਨ ਰੂਸ ਦੇ ਦਖਲ ਨੂੰ ਲੈ ਕੇ ਅਮਰੀਕੀ ਖੁਫੀਆ ਵਿਭਾਗ ਦੇ ਮੁਲਾਂਕਣ ਨਾਲ ਸਹਿਮਤ ਹਨ ਤਾਂ ਉਨ੍ਹਾਂ ਨੇ ਕਿਹਾ,''ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਅਤੇ ਹੁਣ ਵੀ ਕਹਿ ਰਿਹਾ ਹਾਂ ਕਿ ਇਹ ਗੱਲ ਸਹੀ ਹੈ।'' ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਪੁਤਿਨ ਦੀ ਵਿਸ਼ੇਸ਼ ਤੌਰ 'ਤੇ ਨਿੰਦਾ ਨਹੀਂ ਕੀਤੀ , ਕੀ ਤੁਸੀਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜ਼ਿੰਮੇਵਾਰ ਮੰਨਦੇ ਹੋ?''
ਇਸ 'ਤੇ ਟਰੰਪ ਨੇ ਕਿਹਾ,''ਹਾਂ ਮੈਂ ਇਹ ਮੰਨਦਾ ਹਾਂ ਕਿਉਂਕਿ ਦੇਸ਼ ਦੀ ਕਮਾਨ ਉਨ੍ਹਾਂ ਦੇ ਹੱਥਾਂ 'ਚ ਹੈ। ਜਿਵੇਂ ਕਿ ਮੇਰੇ ਦੇਸ਼ 'ਚ ਜੋ ਕੁੱਝ ਹੁੰਦਾ ਹੈ ਉਸ ਦੇ ਲਈ ਮੈਂ ਖੁਦ ਨੂੰ ਜ਼ਿੰਮੇਵਾਰ ਮੰਨਦਾ ਹਾਂ। ਇਸ ਲਈ ਦੇਸ਼ ਦੇ ਨੇਤਾ ਦੇ ਤੌਰ 'ਤੇ ਤੁਹਾਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ।'' ਉੱਥੇ ਹੀ ਸੋਮਵਾਰ ਨੂੰ ਪੁਤਿਨ ਨਾਲ ਪੱਤਰਕਾਰ ਸੰਮੇਲਨ ਦੌਰਾਨ ਚੋਣਾਂ 'ਚ ਰੂਸ ਦੇ ਦਾਖਲੇ ਦੇ ਅਮਰੀਕੀ ਖੁਫੀਆ ਵਿਭਾਗ ਦੇ ਦਾਅਵੇ ਦਾ ਸਮਰਥਨ ਨਾ ਕਰਨ ਨੂੰ ਲੈ ਕੇ ਟਰੰਪ ਅਮਰੀਕੀ ਸੰਸਦ ਮੈਂਬਰਾਂ ਦੀ ਨਿੰਦਾ ਦੇ ਸ਼ਿਕਾਰ ਹੋਏ ਸਨ। ਜਿਸ ਦੇ ਬਾਅਦ ਅੱਜ ਟਰੰਪ ਨੇ ਪੁਤਿਨ ਨਾਲ ਹੋਈ ਬੈਠਕ ਨੂੰ ਬਹੁਤ ਵਧੀਆ ਦੱਸਿਆ। ਸੈਨੇਟਰ ਜੈਫ ਲੇਕ ਨੇ ਟਰੰਪ ਦੇ ਪ੍ਰਦਰਸ਼ਨ ਨੂੰ ਸ਼ਰਮਨਾਕ ਦੱਸਿਆ। ਉੱਥੇ ਹੀ ਰੀਪਬਲਿਕਨ ਸੈਨੇਟਰ ਜਾਨ ਮੈਕਕੇਨ ਨੇ ਕਿਹਾ ਕਿ ਹੇਲਸਿੰਕੀ 'ਚ ਹੋਇਆ ਪੱਤਰਕਾਰ ਸੰਮੇਲਨ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਸਭ ਤੋਂ ਸ਼ਰਮਨਾਕ ਪ੍ਰਦਰਸ਼ਨਾਂ 'ਚੋਂ ਇਕ ਸੀ। ਉੱਥੇ ਟਰੰਪ ਨੇ ਸਾਰਾ ਠੀਕਰਾ ਮੀਡੀਆ 'ਤੇ ਭੰਨਿਆ ਹੈ ਅਤੇ ਕਿਹਾ ਹੈ ਕਿ ਉਹ ਗੱਲ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਪੱਤਰਕਾਰ ਸੰਮੇਲਨ 'ਚ ਮੇਰਾ ਪ੍ਰਦਰਸ਼ਨ ਵਧੀਆ ਰਿਹਾ। ਇਹ ਇਕ ਵਧੀਆ ਸੰਮੇਲਨ ਸੀ।''
