ਜੰਗ ਦੌਰਾਨ ਪੁਤਿਨ ਦਾ ਨਵਾਂ ਕਦਮ, ਅਮਰੀਕਾ ਵੱਲੋਂ ਭਗੌੜੇ ਘੋਸ਼ਿਤ ਐਡਵਰਡ ਨੂੰ ਦਿੱਤੀ ਰੂਸੀ ਨਾਗਰਿਕਤਾ

09/27/2022 10:27:58 AM

ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਜਿਹਾ ਕਦਮ ਚੁੱਕਿਆ ਹੈ, ਜਿਸ ਨਾਲ ਅਮਰੀਕਾ ਨਾਰਾਜ਼ ਹੋ ਸਕਦਾ ਹੈ। ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਖੁਫੀਆ ਰਾਜ ਜਨਤਕ ਕਰਨ ਵਾਲੇ ਸਾਬਕਾ ਠੇਕੇਦਾਰ ਐਡਵਰਡ ਸਨੋਡੇਨ ਨੂੰ ਪੁਤਿਨ ਨੇ ਰੂਸੀ ਨਾਗਰਿਕਤਾ ਦਿੱਤੀ ਹੈ।ਐਡਵਰਡ ਸਨੋਡੇਨ (39) ਇਸ ਸਮੇਂ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਰਹਿ ਰਿਹਾ ਹੈ। ਸਨੋਡੇਨ 2013 ਵਿੱਚ ਅਮਰੀਕਾ ਤੋਂ ਭੱਜ ਕੇ ਰੂਸ ਪਹੁੰਚਿਆ ਸੀ। ਸਨੋਡੇਨ ਨੇ 2020 ਵਿੱਚ ਰੂਸੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ।

ਉਸ ਸਮੇਂ ਸਨੋਡੇਨ ਨੇ ਟਵੀਟ ਕੀਤਾ ਸੀ ਕਿ ਆਪਣੇ ਮਾਤਾ-ਪਿਤਾ ਤੋਂ ਵੱਖ ਹੋਣ ਤੋਂ ਬਾਅਦ ਉਹ ਹੁਣ ਆਪਣੀ ਪਤਨੀ ਅਤੇ ਬੇਟੇ ਤੋਂ ਵੱਖ ਨਹੀਂ ਰਹਿਣਾ ਚਾਹੁੰਦਾ। ਇਸੇ ਲਈ ਉਹ ਅਮਰੀਕੀ ਨਾਗਰਿਕਤਾ ਦੇ ਨਾਲ-ਨਾਲ ਰੂਸ ਦੀ ਦੋਹਰੀ ਨਾਗਰਿਕਤਾ ਲਈ ਵੀ ਅਰਜ਼ੀ ਦੇ ਰਹੇ ਹਨ।ਐਡਵਰਡ ਸਨੋਡੇਨ ਮਾਸਕੋ ਵਿੱਚ ਆਪਣੀ ਪ੍ਰੋਫਾਈਲ ਨੂੰ ਕਾਫ਼ੀ ਗੁਪਤ ਰੱਖਦਾ ਹੈ। ਹਾਲਾਂਕਿ ਕਈ ਵਾਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਪੋਸਟ ਕਰਦਾ ਰਹਿੰਦਾ ਹੈ। ਸਨੋਡੇਨ ਨੇ 2019 ਵਿੱਚ ਕਿਹਾ ਸੀ ਕਿ ਜੇਕਰ ਅਮਰੀਕਾ ਨਿਰਪੱਖ ਮੁਕੱਦਮੇ ਦੀ ਗਾਰੰਟੀ ਦਿੰਦਾ ਹੈ ਤਾਂ ਉਹ ਆਪਣੇ ਦੇਸ਼ ਪਰਤਣ ਲਈ ਤਿਆਰ ਹੈ।ਉੱਧਰ ਅਮਰੀਕੀ ਖੁਫੀਆ ਅਧਿਕਾਰੀ ਕਈ ਸਾਲਾਂ ਤੋਂ ਸਨੋਡੇਨ ਨੂੰ ਅਮਰੀਕਾ ਲਿਆਉਣਾ ਚਾਹੁੰਦੇ ਸਨ ਤਾਂ ਕਿ ਉਸ 'ਤੇ ਦੇਸ਼ ਵਿਰੁੱਧ ਜਾਸੂਸੀ ਕਰਨ ਦਾ ਮੁਕੱਦਮਾ ਚਲਾਇਆ ਜਾ ਸਕੇ। ਅਮਰੀਕੀ ਅਧਿਕਾਰੀਆਂ ਮੁਤਾਬਕ ਜੇਕਰ ਸਨੋਡੇਨ ਅਮਰੀਕਾ ਪਰਤਦਾ ਹੈ ਤਾਂ ਅਮਰੀਕੀ ਕਾਨੂੰਨ ਮੁਤਾਬਕ ਉਸ ਨੂੰ 30 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੱਥ ਤੋਂ ਗਾਇਬ ਹੱਡੀ, ਚਿਹਰਾ ਪਛਾਨਣਾ ਵੀ ਮੁਸ਼ਕਲ, ਰੂਸੀ ਕੈਦ 'ਚ ਰਹੇ ਯੂਕ੍ਰੇਨੀ ਫ਼ੌਜੀ ਦੀਆਂ ਤਸਵੀਰਾਂ ਵਾਇਰਲ

ਜਾਣੋ ਐਡਵਰਡ ਸਨੋਡੇਨ ਬਾਰੇ

ਆਪਣੇ ਖੁਲਾਸੇ ਨਾਲ ਸਭ ਨੂੰ ਹੈਰਾਨ ਕਰਨ ਵਾਲਾ ਐਡਵਰਡ ਸਨੋਡੇਨ ਮਾਸਕੋ ਵਿੱਚ ਰਹਿੰਦਾ ਹੈ। ਉਸਨੇ ਅਮਰੀਕੀ ਐਨਐਸਏ ਲਈ ਕੰਮ ਕੀਤਾ ਹੈ। ਮਸ਼ਹੂਰ ਕੰਪਿਊਟਰ ਪ੍ਰੋਫੈਸ਼ਨਲ ਸਨੋਡੇਨ NSA ਨਾਲ ਜੁੜੀਆਂ ਗੁਪਤ ਸੂਚਨਾਵਾਂ ਲੀਕ ਕਰਨ ਦੇ ਦੋਸ਼ਾਂ ਦਰਮਿਆਨ ਅਮਰੀਕਾ ਤੋਂ ਭੱਜ ਗਿਆ ਸੀ। ਉਸ ਨੂੰ ਅਮਰੀਕਾ ਨੇ ਭਗੌੜਾ ਐਲਾਨਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਨੋਡੇਨ ਸਾਲ 2010 ਵਿੱਚ ਭਾਰਤ ਪਹੁੰਚਿਆ ਸੀ ਅਤੇ ਨਵੀਂ ਦਿੱਲੀ ਵਿੱਚ ਹੈਕਿੰਗ ਦੀਆਂ ਆਧੁਨਿਕ ਤਕਨੀਕਾਂ ਸਿੱਖੀਆਂ ਸਨ।

ਆਧਾਰ 'ਤੇ ਵੀ ਉਠਾਏ ਗਏ ਸਵਾਲ

ਜਨਵਰੀ 2018 ਵਿੱਚ ਐਡਵਰਡ ਸਨੋਡੇਨ ਨੇ ਆਧਾਰ ਡੇਟਾ ਦੀ ਦੁਰਵਰਤੋਂ ਦੀ ਸੰਭਾਵਨਾ ਜਤਾਈ ਸੀ। ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਆਧਾਰ ਦੀ ਦੁਰਵਰਤੋਂ ਹੋ ਸਕਦੀ ਹੈ। ਦਰਅਸਲ, ਉਸ ਸਮੇਂ ਆਧਾਰ ਦਾ ਡਾਟਾਬੇਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਸ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਸਨ। ਯੂ.ਆਈ.ਡੀ.ਏ.ਆਈ. ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਸੀ, ਪਰ ਇੱਕ ਦਿਨ ਬਾਅਦ ਅਮਰੀਕੀ ਵ੍ਹਿਸਲਬਲੋਅਰ ਐਡਵਰਡ ਸਨੋਡੇਨ ਨੇ ਯੂਆਈਡੀਏਆਈ ਦੇ ਦਾਅਵਿਆਂ ਦੇ ਬਿਲਕੁਲ ਉਲਟ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News