ਰੂਸ ਦਾ ਦਾਅਵਾ- ਪੁਤਿਨ ਨੂੰ ਮਾਰਨ ਲਈ ਯੂਕ੍ਰੇਨ ਨੇ ਕ੍ਰੇਮਲਿਨ ''ਤੇ ਕੀਤਾ ਡਰੋਨ ਹਮਲਾ

05/03/2023 8:36:01 PM

ਮਾਸਕੋ- ਰੂਸ ਨੇ ਯੂਕ੍ਰੇਨ 'ਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਰੂਸ ਦਾ ਕਹਿਣਾ ਹੈ ਕਿ ਯੂਕ੍ਰੇਨ ਨੇ ਪੁਤਿਨ ਦਾ ਕਤਲ ਕਰਨ ਲਈ ਰਾਸ਼ਟਰਪਤੀ ਭਵਨ ਕ੍ਰੇਮਲਿਨ 'ਤੇ ਡਰੋਨ ਨਾਲ ਹਮਲਾ ਕੀਤਾ। ਹਾਲਾਂਕਿ, ਇਸ ਹਮਲੇ 'ਚ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। 

ਰੂਸ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਪੁਤਿਨ ਦੇ ਕਤਲ ਦੀ ਕੋਸ਼ਿਸ਼ 'ਚ ਕ੍ਰੇਮਲਿਨ 'ਤੇ ਬੀਤੀ ਰਾਤ ਦੋ ਡਰੋਨ ਹਮਲੇ ਕੀਤੇ ਗਏ। ਰੂਸ ਨੇ ਇਸਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਵੱਲੋਂ ਕੀਤੇ ਗਏ ਦੋ ਡਰੋਨਾਂ ਨੂੰ ਨਾਕਾਮ ਕਰ ਦਿੱਤਾ ਹੈ। ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਡਰੋਨ ਕਿਵੇਂ ਨਸ਼ਟ ਹੋਏ ਹਨ ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਸ ਵਿਚ ਕੋਈ ਨੁਕਸਾਨ ਨਹੀਂ ਹੋਇਆ। 

ਸਥਾਨਕ ਮਾਸਕੋ ਨਿਊਜ਼ ਚੈਨਲ 'ਤੇ ਜਾਰੀ ਇਕ ਵੀਡੀਓ 'ਚ ਕ੍ਰੇਮਲਿਨ ਦੇ ਉਪਰ ਧੁੰਏ ਵਰਗਾ ਉਠਦਾ ਦਿਖਾਈ ਦਿੱਤਾ ਹੈ। ਇਹ ਵੀਡੀਓ ਕ੍ਰੇਮਲਿਨ ਦੇ ਸਾਹਮਣੇ ਨਦੀ ਦੇ ਪਾਰ ਤੋਂ ਬਣਾਈ ਗਈ ਹੈ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਨੇੜੇ ਦੇ ਇਕ ਅਪਾਰਟਮੈਂਟ ਬਿਲਡਿੰਗ ਦੇ ਨਿਵਾਸੀਆਂ ਨੇ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਲਗਭਗ ਢਾਈ ਵਜੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਧੁੰਆ ਦੇਖਣ ਦੀ ਸੂਚਨਾ ਦਿੱਤੀ। ਪੋਸਟ ਕੀਤੀ ਗਈ ਵੀਡੀਓ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਕਰਨਾ ਸੰਭਵ ਨਹੀਂ ਹੈ। 

ਉੱਥੇ ਹੀ ਕੀਵ ਨੇ ਹਮਲੇ 'ਚ ਸ਼ਮੂਲੀਅਤ ਤੋਂ ਸਪਸ਼ਟ ਰੂਪ ਨਾਲ ਇਨਕਾਰ ਕਰ ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਿਖਾਇਲੋ ਪੋਡੋਲਿਆਕ ਨੇ ਕਿਹਾ ਕਿ ਅਸੀਂ ਕ੍ਰੇਮਲਿਨ 'ਤੇ ਹਮਲਾ ਨਹੀਂ ਕਰਦੇ ਕਿਉਂਕਿ ਸਭ ਤੋਂ ਪਹਿਲਾਂ ਇਹ ਕਿਸੇ ਵੀ ਫੌਜੀ ਸਮੱਸਿਆ ਦਾ ਹੱਲ ਨਹੀਂ ਕਰਦਾ।

ਕ੍ਰੇਮਲਿਨ ਦਾ ਕਹਿਣਾ ਹੈ ਕਿ 9 ਮਈ ਨੂੰ ਵਿਕਟਰੀ ਡੇਅ ਪਰੇਡ ਤੋਂ ਪਹਿਲਾਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਤਿਨ 'ਤੇ ਡਰੋਨ ਨਾਲ ਹਮਲੇ ਦੀ ਕੋਸ਼ਿਸ਼ ਹੋਈ ਪਰ ਪੁਤਿਨ ਨੂੰ ਇਸ ਵਿਚ ਕੋਈ ਨੁਕਸਾਨ ਨਹੀਂ ਹੋਇਆ। ਸਾਨੂੰ ਜਵਾਬੀ ਕਾਰਵਾਈ ਦਾ ਅਧਿਕਾਰ ਹੈ। ਡਰੋਨ ਹਮਲੇ ਦੇ ਬਾਵਜੂਦ 9 ਮਈ ਨੂੰ ਹੋਣ ਵਾਲੀ ਵਿਕਟਰੀ ਡੇਅ ਪਰੇਡ ਤੈਅ ਸਮੇਂ 'ਤੇ ਹੀ ਹੋਵੇਗੀ।


Rakesh

Content Editor

Related News