ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਵੀਜ਼ਾ ਮੁਕਤ ਯਾਤਰਾ ਦੀ ਕੀਤੀ ਵਕਾਲਤ
Saturday, Sep 17, 2022 - 11:15 AM (IST)
ਸਮਰਕੰਦ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਭਾਰਤ ਅਤੇ ਰੂਸ ਵਿਚਾਲੇ ਵੀਜ਼ਾ ਮੁਕਤ ਯਾਤਰਾ ਸਮਝੌਤੇ ਦੀ ਵਕਾਲਤ ਕੀਤੀ। ਇੱਥੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ ਤੋਂ ਇਲਾਵਾ ਮੋਦੀ ਅਤੇ ਪੁਤਿਨ ਵਿਚਾਲੇ ਹੋਈ ਬੈਠਕ 'ਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਅਮੀਰ ਇਤਿਹਾਸ ਅਤੇ ਪ੍ਰਾਚੀਨ ਸੰਸਕ੍ਰਿਤੀ ਰਵਾਇਤੀ ਤੌਰ 'ਤੇ ਰੂਸੀ ਲੋਕਾਂ ਲਈ ਬਹੁਤ ਦਿਲਚਸਪੀ ਦਾ ਵਿਸ਼ਾ ਰਹੀ ਹੈ।
ਇਹ ਵੀ ਪੜ੍ਹੋ: ਸਰਹੱਦੀ ਵਿਵਾਦ ਤੋਂ ਬਾਅਦ ਪਹਿਲੀ ਵਾਰ SCO ਸਿਖ਼ਰ ਸੰਮੇਲਨ 'ਚ ਆਹਮੋ-ਸਾਹਮਣੇ ਹੋਏ PM ਮੋਦੀ ਅਤੇ ਜਿਨਪਿੰਗ
ਰੂਸ ਦੀ ਸਰਕਾਰੀ ਤਾਸ ਸਮਾਚਾਰ ਏਜੰਸੀ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ ਕਿ ਇਸ ਪਿਛੋਕੜ ਵਿਚ ਅਸੀਂ ਵੀਜ਼ਾ ਮੁਕਤ ਯਾਤਰਾ ਦੇ ਸਿਲਸਿਲੇ ਵਿਚ ਇਕ ਸਮਝੌਤੇ 'ਤੇ ਗੱਲਬਾਤ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਪ੍ਰਸਤਾਵ ਕਰਦੇ ਹਾਂ। ਗੱਲਬਾਤ ਦੌਰਾਨ, ਮੋਦੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਾਸਕੋ ਅਤੇ ਨਵੀਂ ਦਿੱਲੀ ਕਈ ਦਹਾਕਿਆਂ ਤੋਂ ਇੱਕਜੁੱਟ ਹਨ ਅਤੇ ਉਨ੍ਹਾਂ ਨੇ ਯੂਕ੍ਰੇਨ ਵਿੱਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਮਦਦ ਕਰਨ ਲਈ ਪੁਤਿਨ ਦਾ ਧੰਨਵਾਦ ਕੀਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।