ਪੁਤਿਨ ਦਾ ਵੱਡਾ ਬਿਆਨ, ''ਬਾਇਡੇਨ ਨੂੰ ਅਜੇ ਵੀ ਨਹੀਂ ਮੰਨਦਾ ਅਮਰੀਕਾ ਦਾ ਰਾਸ਼ਟਰਪਤੀ''
Monday, Nov 23, 2020 - 09:12 PM (IST)
ਮਾਸਕੋ - ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਅਜੇ ਵੀ ਜੋਅ ਬਾਇਡੇਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਮੰਨਣ ਲਈ ਤਿਆਰ ਨਹੀਂ ਹਨ। ਹਾਲਾਂਕਿ ਪੁਤਿਨ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਨਾਲ ਕੰਮ ਕਰਨ ਲਈ ਤਿਆਰ ਹਨ। ਪੁਤਿਨ ਨੇ ਰੂਸ ਦੇ ਸਰਕਾਰੀ ਟੀ. ਵੀ. ਚੈਨਲ 'ਤੇ ਦਿੱਤੇ ਬਿਆਨ ਵਿਚ ਕਿਹਾ ਕਿ ਅਸੀਂ ਹਰ ਉਸ ਵਿਅਕਤੀ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ ਜਿਸ 'ਤੇ ਅਮਰੀਕਾ ਦੇ ਲੋਕਾਂ ਦਾ ਭਰੋਸਾ ਹੈ।
ਵਲਾਦਿਮੀਰ ਪੁਤਿਨ ਨੇ ਕਿਹਾ ਕਿ ਅਮਰੀਕੀ ਲੋਕਾਂ ਦਾ ਇਹ ਭਰੋਸਾ ਉਸੇ ਉਮੀਦਵਾਰ 'ਤੇ ਮੰਨਿਆ ਜਾਵੇਗਾ ਜਿਸ ਦੀ ਜਿੱਤ ਨੂੰ ਵਿਰੋਧੀ ਪਾਰਟੀ ਮਾਨਤਾ ਦੇਵੇਗੀ ਜਾਂ ਕਾਨੂੰਨੀ ਤਰੀਕੇ ਨਾਲ ਜਿੱਤ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਵਾਲ ਚੁੱਕੇ ਜਾ ਰਹੇ ਸਨ ਕਿ ਪੁਤਿਨ ਨੇ ਹੁਣ ਤੱਕ ਬਾਇਡੇਨ ਨੂੰ ਵਧਾਈ ਕਿਉਂ ਨਹੀਂ ਦਿੱਤੀ ਹੈ। ਹੁਣ ਖੁਦ ਪੁਤਿਨ ਨੇ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਾਇਡੇਨ ਨੂੰ ਜਿੱਤ ਦੀ ਵਧਾਈ ਕਿਉਂ ਨਹੀਂ ਦੇ ਰਹੇ ਹਨ।
ਅਮਰੀਕੀ ਖੁਫੀਆ ਏਜੰਸੀਆਂ ਦਾ ਦੋਸ਼ ਹੈ ਕਿ ਰੂਸ ਨੇ ਸਾਲ 2016 ਦੀਆਂ ਚੋਣਾਂ ਵਿਚ ਟਰੰਪ ਦੀ ਜਿੱਤ ਵਿਚ ਮਦਦ ਕੀਤੀ ਸੀ। ਇਸ ਦੋਸ਼ ਤੋਂ ਬਾਅਦ ਹੁਣ ਰੂਸ ਨੂੰ ਚਿੰਤਾ ਸਤਾ ਰਹੀ ਹੈ ਕਿ ਬਾਇਡੇਨ ਦੇ ਰਾਸ਼ਟਰਪਤੀ ਬਣਨ 'ਤੇ ਉਸ 'ਤੇ ਹੋਰ ਜ਼ਿਆਦਾ ਪਾਬੰਦੀਆਂ ਲੱਗ ਸਕਦੀਆਂ ਹਨ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਿਵਾਦ ਵਧ ਸਕਦਾ ਹੈ। ਪੁਤਿਨ ਨੇ ਕਿਹਾ ਕਿ ਰੂਸ ਦਾ ਬਾਇਡੇਨ ਨੂੰ ਵਧਾਈ ਦੇਣਾ ਸਿਰਫ ਇਕ ਰਸਮ ਹੈ ਅਤੇ ਇਸ ਦਾ ਕੋਈ ਗਲਤ ਇਰਾਦਾ ਨਹੀਂ ਹੈ।
ਪੁਤਿਨ ਤੋਂ ਜਦ ਇਹ ਪੁੱਛਿਆ ਗਿਆ ਕਿ ਵਧਾਈ ਨਾ ਦੇਣ ਨਾਲ ਅਮਰੀਕਾ ਅਤੇ ਰੂਸ ਵਿਚਾਲੇ ਸਬੰਧ ਖਰਾਬ ਹੋ ਸਕਦੇ ਹਨ, ਇਸ ਬਾਰੇ ਪੁਤਿਨ ਨੇ ਕਿਹਾ ਕਿ ਹੁਣ ਖਰਾਬ ਹੋਣ ਲਈ ਬਚਿਆ ਕੀ ਹੈ। ਇਹ ਸਬੰਧ ਤਾਂ ਪਹਿਲਾਂ ਹੀ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਬਾਇਡੇਨ ਰੂਸ ਨੂੰ ਅਮਰੀਕਾ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸ ਚੁੱਕੇ ਹਨ। ਇਹੀਂ ਨਹੀਂ ਜੋਅ ਬਾਇਡੇਨ ਨੇ ਡੋਨਾਲਡ ਟਰੰਪ 'ਤੇ ਦੋਸ਼ ਲਗਾਇਆ ਸੀ ਕਿ ਉਹ ਰੂਸ ਦਾ ਸਾਹਮਣਾ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਟਰੰਪ ਰੂਸ ਦੇ 'ਪਪੀ' ਹਨ। ਬਾਇਡੇਨ ਨੇ ਕਿਹਾ ਸੀ ਕਿ ਮੈਂ ਪੁਤਿਨ ਦਾ ਸਿੱਧਾ ਸਾਹਮਣਾ ਕੀਤਾ ਹੈ ਅਤੇ ਸਾਫ ਕੀਤਾ ਹੈ ਕਿ ਅਸੀਂ ਕੁਝ ਬਰਦਾਸ਼ਤ ਨਹੀਂ ਕਰਾਂਗੇ। ਟਰੰਪ ਪੁਤਿਨ ਦੇ ਪਪੀ ਹਨ। ਉਥੇ ਇਸ 'ਤੇ ਰੂਸ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਉਸ ਦੇ ਪ੍ਰਤੀ ਨਫਰਤ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਹੈ।