ਸਿੱਧੂ ਮੂਸੇਵਾਲਾ ਦੇ ਕਤਲ ਨੇ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਝੰਜੋੜਿਆ, ਸਰਕਾਰ ਨੂੰ ਕੀਤੀ ਇਹ ਅਪੀਲ

Monday, May 30, 2022 - 06:04 PM (IST)

ਸਿੱਧੂ ਮੂਸੇਵਾਲਾ ਦੇ ਕਤਲ ਨੇ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਝੰਜੋੜਿਆ, ਸਰਕਾਰ ਨੂੰ ਕੀਤੀ ਇਹ ਅਪੀਲ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਤੋਂ ਬਾਅਦ ਪੂਰੇ ਵਿਸ਼ਵ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸੰਗੀਤ ਅਤੇ ਅਦਾਕਾਰੀ ਨਾਲ ਜੁੜੇ ਨਾਮੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣਾ ਸੋਗ ਸੁਨੇਹਾ ਦਿੱਤਾ ਹੈ। ਇਸ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਨੇ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਬ੍ਰਿਸਬੇਨ ਤੋਂ ਅਮੇਰਿਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਿਕ ਨੇ ਇਕ ਚਮਕਦੇ ਪੰਜਾਬੀ ਸਿਤਾਰੇ ਦਾ ਕਤਲ ਕਰ ਦੇਣ ਨੂੰ ਬਹੁਤ ਹੀ ਨਮੋਸ਼ੀ ਵਾਲੀ ਗੱਲ ਆਖਦਿਆਂ ਕਿਹਾ ਕਿ ਇਹ ਕਤਲ ਭਾਈਚਾਰੇ ਲਈ ਅਸਹਿ ਸਦਮੇ ਵਾਲਾ ਹੈ।

ਇਹ ਵੀ ਪੜ੍ਹੋ : ਸੱਚ ਸਾਬਿਤ ਹੋਇਆ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਇਹ ਗੀਤ, ਜ਼ਿੰਦਗੀ ’ਤੇ ਇਕ ਝਾਤ

ਗਾਇਕ ਰਾਜਦੀਪ ਲਾਲੀ, ਗਾਇਕ ਮਲਕੀਤ ਧਾਲੀਵਾਲ ਤੇ ਗੀਤਕਾਰ ਸੁਰਜੀਤ ਸੰਧੂ ਨੇ ਇਸ ਕਤਲ ਨੂੰ ਕਾਤਲਾਂ ਦਾ ਕਮੀਨਗੀ ਭਰਿਆ ਕਦਮ ਆਖਦਿਆਂ ਕਿਹਾ ਕਿ ਗੈਂਗ ਕਲਚਰ ਪੰਜਾਬ ਦੇ ਮੱਥੇ ’ਤੇ ਕਲੰਕ ਹੈ। ਬ੍ਰਿਸਬੇਨ ਦੇ ਨਾਮਵਰ ਕਵੀ ਸਰਬਜੀਤ ਸੋਹੀ ਨੇ ਸਿੱਧੂ ਮੂਸੇਵਾਲਾ ’ਤੇ ਹੋਏ ਹਮਲੇ ਨੂੰ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਗਰਦਾਨਦਿਆਂ ਕਿਹਾ ਕਿ ਨਿੱਜੀ ਵਿਰੋਧ ਕਾਰਨ ਕਿਸੇ ਸਮਾਜਿਕ ਹਸਤੀ ਦਾ ਕਤਲ ਕਰ ਦੇਣਾ ਪੰਜਾਬ ਦੀ ਧਰਤੀ ਲਈ ਬਹੁਤ ਹੀ ਮਾੜੀ ਘਟਨਾ ਹੈ। ਗੋਲਡ ਕੋਸਟ ਤੋਂ ਹਿਪ-ਹੌਪ ਭੰਗੜਾ ਅਕਾਦਮੀ ਦੇ ਸੰਚਾਲਕ ਗੁਰਜੀਤ ਬਾਰੀਆ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਪੰਜਾਬੀ ਸੱਭਿਆਚਾਰ ਦਾ ਚਮਕਦਾ ਸਿਤਾਰਾ ਸੀ, ਉਸ ਦਾ ਇੰਝ ਸ਼ਰੇਆਮ ਕਤਲ ਹੋ ਜਾਣਾ ਪ੍ਰਸ਼ਾਸਨ ਦੀ ਨਾਲਾਇਕੀ ਹੈ। ਸਮਾਜਸੇਵੀ ਮਨਜੀਤ ਬੋਪਾਰਾਏ ਨੇ ਇਸ ਕਤਲ ਨੂੰ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਘਾਟੇ ਵਾਲੇ ਦੱਸਿਆ। ਉਨ੍ਹਾਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਚੜ੍ਹਤ ਤੋਂ ਬੌਖਲਾਏ ਲੋਕ ਇਸ ਪੱਧਰ ’ਤੇ ਡਿੱਗ ਜਾਣਗੇ, ਇਹ ਕੋਈ ਸੁਹਿਰਦ ਪੰਜਾਬੀ ਸੋਚ ਵੀ ਨਹੀਂ ਸਕਦਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਨਾਲ ਬਾਲੀਵੁੱਡ ਵੀ ਸਦਮੇ ’ਚ, ਇਨ੍ਹਾਂ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ

ਇਸ ਮੌਕੇ ਹੋਰ ਵੀ ਸਮਾਜਿਕ, ਧਾਰਮਿਕ, ਸਾਹਿਤਕ, ਖੇਡ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆ ਵੱਲੋਂ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ’ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਗਿਅਾ ਕਿ ਪੰਜਾਬ ’ਚ ਆਏ ਦਿਨ ਗੈਂਗਵਾਰ ਦੀਆਂ ਘਟਨਾਵਾ ਵਧਦੀਆਂ ਜਾ ਰਹੀਆਂ ਹਨ, ਜੋ ਬੇਹੱਦ ਨਿੰਦਣਯੋਗ ਤੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜੇਕਰ ਸਰਕਾਰ ਵੱਲੋਂ ਅਜਿਹੀਆਂ ਘਟਨਾਵਾਂ ’ਤੇ ਕਾਬੂ ਨਾ ਪਾਇਆ ਗਿਆ ਤਾਂ ਪ੍ਰਵਾਸੀ ਪੰਜਾਬ ਦੀ ਧਰਤੀ ’ਤੇ ਫੇਰਾ ਪਾਉਣ ਤੋਂ ਕੰਨੀਂ ਕਤਰਾਉਣਗੇ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰਦਾਤ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਬਹੁਤ ਜਲਦੀ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿਵਾ ਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।

 


author

Manoj

Content Editor

Related News