ਇਟਲੀ 'ਚ ਕਈ ਸਾਲਾਂ ਤੋਂ ਰੁਲ ਰਹੇ ਪੰਜਾਬੀ ਹੁਣ ਪੱਕੇ ਹੋ ਕੇ ਜਲਦ ਪਾ ਸਕਣਗੇ ਵਤਨ ਫੇਰਾ

5/21/2020 3:00:26 PM

ਰੋਮ,(ਦਲਵੀਰ ਕੈਂਥ)- ਪ੍ਰਵਾਸ ਕੱਟਣਾ ਵੀ ਇੱਕ ਸਜ਼ਾ ਵਾਂਗ ਹੈ ਤੇ ਇਸ ਸਜ਼ਾ ਦੇ ਦਰਦ ਨੂੰ ਉਹ ਲੋਕ ਹੀ ਜਾਣ ਸਕਦੇ ਹਨ ਜਿਨ੍ਹਾਂ ਪ੍ਰਵਾਸ ਨੂੰ ਪਿੰਡੇ ਹਢਾਇਆ ਹੋਵੇ। ਯੂਰਪੀਅਨ ਲੋਕ ਪ੍ਰਵਾਸ ਜ਼ਿੰਦਗੀ ਦਾ ਆਨੰਦ ਲੈਣ ਲਈ ਕਰਦੇ ਹਨ ਪਰ ਭਾਰਤੀ ਲੋਕ ਭੱਵਿਖ ਨੂੰ ਵਧੀਆ ਬਣਾਉਣ ਤੇ ਘਰਾਂ ਦੀ ਗਰੀਬੀ ਦੂਰ ਕਰਨ ਲਈ ਪ੍ਰਵਾਸ ਕੱਟਦੇ ਹਨ । ਕਈ ਵਾਰ ਪ੍ਰਵਾਸ ਪ੍ਰਵਾਸੀਆਂ ਨੂੰ ਚੰਗੀ ਜ਼ਿੰਦਗੀਆਂ ਤਾਂ ਦੇ ਦਿੰਦਾ ਪਰ ਜਿਨ੍ਹਾਂ ਮਾਪਿਆਂ ਨੂੰ ਸੌਖਾ ਕਰਨ ਭਾਰਤੀ ਨੌਜਵਾਨ ਲੱਖਾਂ ਰੁਪਏ ਕਰਜ਼ਾ ਚੁੱਕ ਵਿਦੇਸ਼ ਜਾਂਦੇ ਹਨ, ਉਨ੍ਹਾਂ ਮਾਪਿਆਂ ਦਾ ਆਪਣੇ ਲਾਡਾਂ ਨਾਲ ਪਾਲੇ ਲਾਲਾਂ ਦਾ ਆਖਰੀ ਸਮੇ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ। ਅਜਿਹੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਘਟਨਾਵਾਂ ਨਾਲ ਪੰਜਾਬ ਭਰਿਆ ਪਿਆ ਹੈ। ਇਸ ਗੱਲ ਨੂੰ ਪੰਜਾਬ ਦਾ ਦੁਖਾਂਤ ਹੀ ਸਮਝਿਆ ਜਾ ਸਕਦਾ ਹੈ ਕਿ ਇਸ ਦੇ ਬਾਵਜੂਦ ਹਰ ਸਾਲ ਲੱਖਾਂ ਪੰਜਾਬ ਦੇ ਬੱਚਿਆਂ ਨੂੰ ਮਾਪੇ ਪ੍ਰਦੇਸ ਭੇਜਣ ਲਈ ਬੇਵੱਸ ਤੇ ਲਾਚਾਰ ਹਨ।

ਹਾਲ ਹੀ ਵਿਚ ਇਟਲੀ ਨੇ ਇੱਥੇ ਬਿਨਾ ਪੇਪਰਾਂ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਮੁੜ ਪੇਪਰ ਬਣਾਉਣ ਦੀ ਰਾਹਤ ਦਿੱਤੀ ਹੈ ਅਤੇ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਹੈ । ਇਹ ਪੇਪਰ 1 ਜੂਨ ਤੋਂ 15 ਜੁਲਾਈ 2020 ਤੱਕ ਭਰੇ ਜਾ ਸਕਦੇ ਹਨ। ਇਸ ਗੱਲ ਨਾਲ ਭਾਰਤੀ ਪ੍ਰਵਾਸੀ ਬਹੁਤ ਖੁਸ਼ ਹਨ ਪਰ ਕਈਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਕਿਉਂਕਿ ਜਦ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਸੀ, ਤਾਂ ਉਹ ਪੁੱਜ ਨਾ ਸਕੇ ਸਨ। 

ਬਿਨਾਂ ਪੇਪਰਾਂ ਦੇ ਇਟਲੀ ਰਹਿੰਦੇ ਭਾਰਤੀ ਮੂਲ ਦੇ ਵਾਸੀਆਂ ਵਿੱਚ ਪੱਕੇ ਹੋ ਕੇ ਘਰ ਗੇੜਾ ਮਾਰਨ ਦੀ ਆਸ ਬੱਝੀ ਹੈ। ਕੱਚੇ ਹੋਣ ਕਾਰਨ ਨੌਜਵਾਨ ਸਰਕਾਰ ਵਲੋਂ ਬਣਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣ ਤੋਂ ਵਾਂਝੇ ਵੀ ਰਹਿੰਦੇ ਹਨ। 

ਇਟਲੀ ਦੇ ਸੂਬਾ ਲਾਸੀਓ ਵਿੱਚ ਵੱਸਦੇ ਬਹੁਤ ਸਾਰੇ ਕੱਚੇ ਭਾਰਤੀ ਨੌਜਵਾਨਾਂ ਨੇ ਪ੍ਰੈੱਸ ਨਾਲ ਆਪਣੇ ਦਿਲ ਦਾ ਦੁੱਖੜਾ ਫੋਲਦਿਆਂ ਕਿਹਾ ਕਿ ਇਟਲੀ ਬਿਨਾਂ ਪੇਪਰਾਂ ਤੇ ਰਹਿੰਦੇ ਸਮੇਂ ਉਨ੍ਹਾਂ ਦਾ ਕਈ ਵਾਰ ਆਰਥਿਕ ਸ਼ੋਸ਼ਣ ਹੋਇਆ। ਕਈਆਂ ਦੇ ਭਾਰਤ ਰਹਿੰਦੇ ਮਾਪੇ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਤੇ ਉਹ ਮਾਪਿਆਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਨਹੀਂ ਸ਼ਾਮਿਲ ਹੋ ਸਕੇ। ਇੱਕ ਨੌਜਵਾਨ ਨੇ ਤਾਂ ਆਪਣੇ-ਆਪ ਨੂੰ ਖੋਟਾ ਸਿੱਕਾ ਆਖਦਿਆਂ ਕਿਹਾ ਕਿ ਕਾਸ਼ ਉਹ ਸੰਨ 2012 ਵਿੱਚ ਪੱਕਾ ਹੋ ਜਾਂਦਾ ਤਾਂ ਸ਼ਾਇਦ ਆਪਣੇ ਬੇਵਕਤੀ ਜਹਾਨੋ ਕੂਚ ਕਰ ਚੁੱਕੇ ਮਾਪਿਆਂ ਦੇ ਸੀਨੇ ਲੱਗ ਠੰਡ ਹੀ ਪਾ ਦਿੰਦਾ ।ਕਈ ਆਪਣੇ ਭੈਣ-ਭਰਾਵਾਂ ਦੇ ਵਿਆਹ 'ਤੇ ਵੀ ਨਹੀਂ ਜਾ ਸਕੇ ਅਤੇ ਕਈ ਜਿਹੜੇ ਮੰਗੇ ਹੋਏ ਸਨ ਉਨ੍ਹਾਂ ਦੇ ਰਿਸ਼ਤੇ ਵੀ ਅੱਧ ਵਿਚਕਾਰ ਹੀ ਟੁੱਟ ਗਏ। 
ਇਟਲੀ ਵਿੱਚ ਪਹਿਲਾਂ ਸਾਲ 2012 ਵਿੱਚ ਖੁੱਲ੍ਹੇ ਪੇਪਰਾਂ ਵਿੱਚ ਬਹੁਤ ਸਾਰੇ ਭਾਰਤੀ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਕਿਸੇ ਕਾਰਨ ਪੇਪਰ ਨਹੀਂ ਮਿਲ ਸਕੇ ਤੇ ਇਸ ਵਾਰ ਉਨ੍ਹਾਂ ਨੌਜਵਾਨਾਂ ਨੇ ਇਟਲੀ ਸਰਕਾਰ ਦਾ ਤੇ ਭਾਰਤੀ ਅੰਬੈਂਸੀ ਰੋਮ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਕਾਰਨ ਹੁਣ ਦੁਬਾਰਾ ਪੇਪਰ ਭਰਨ ਦਾ ਮੌਕਾ ਮਿਲ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam