ਇਟਲੀ ਦੇ ਸ਼ਹਿਰ ਬਨਿੳਲੋਮੇਲਾ ਵਿਖੇ ਪੰਜਾਬਣਾਂ ਨੇ ‘ਤੀਆਂ ਤੀਜ ਦੇ ਮੇਲੇ’ਮੌਕੇ ਪਾਈ ਧਮਾਲ
Thursday, Aug 19, 2021 - 06:37 PM (IST)
ਰੋਮ (ਕੈਂਥ)-ਇਟਲੀ ਦੀਆ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦੇ ‘ਤੀਆਂ ਤੀਜ ਦੇ ਮੇਲੇ’ ਇਸ ਸਾਲ ਪੂਰੇ ਜੋਸ਼ੋ-ਖਰੋਸ਼ ਨਾਲ ਕਰਵਾਏ ਜਾ ਰਹੇ ਹਨ ਅਤੇ ਇਸੇ ਲੜੀ ’ਚ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਬਨਿੳਲੋਮੇਲਾ ਵਿਖੇ ਮੁਟਿਆਰਾਂ ਵੱਲੋਂ ‘ਤੀਆਂ ਦਾ ਮੇਲਾ’ ਬਹੁਤ ਹੀ ਉਤਸ਼ਾਹਪੂਰਵਕ ਕਰਵਾਇਆ ਗਿਆ, ਜਿਸ ਦਾ ਪ੍ਰਬੰਧ ਹਨੀ ਗਰੇਵਾਲ ਦੀ ਟੀਮ ਵੱਲੋਂ ਕੀਤਾ ਗਿਆ ਸੀ । ਮੇਲੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦਿੱਲੀ ਸਰਹੱਦ ’ਤੇ ਮੋਰਚਾ ਖੋਲ੍ਹੀ ਬੈਠੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰਨ ਉਪਰੰਤ ਕੀਤੀ ਗਈ । ਇਸ ਮੇਲੇ ਵਿਚ ਪੰਜਾਬਣਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿਸ ’ਚ ਗਿੱਧਾ, ਭੰਗੜਾ ਤੇ ਬੋਲੀਆਂ ਪ੍ਰਮੁੱਖ ਸੀ।
ਮੇਲੇ ’ਚ ਮੁਟਿਆਰਾਂ ਨੇ ਪੰਜਾਬੀ ਗੀਤਾਂ ’ਤੇ ਖੂਬ ਰੰਗ ਹੀ ਨਹੀਂ ਬੰਨ੍ਹਿਆ ਸਗੋਂ ਮੇਲੇ ’ਚ ਫੁਲਕਾਰੀ, ਪੱਖੀਆਂ ਤੇ ਮੁਟਿਆਰਾਂ ਵੱਲੋਂ ਪਹਿਨੇ ਰੰਗ-ਬਿਰੰਗੇ ਪੰਜਾਬੀ ਸੂਟ ਮੇਲੇ ਦੀ ਸ਼ਾਨ ਨੂੰ ਚਾਰ ਚੰਨ ਲਾ ਕੇ ਰੌਣਕ ਨੂੰ ਵਧਾ ਰਹੇ ਸਨ । ਇਸ ਮੌਕੇ ਉੱਤਮ ਪੇਸ਼ਕਾਰੀ ਕਰਨ ਵਾਲੀਆਂ ਮੁਟਿਆਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੇਲੇ ਨੂੰ ਮੈਡਮ ਗੋਲਡੀ, ਮੈਡਮ ਬਿੰਦੂ, ਮੈਡਮ ਰਾਜਨਪ੍ਰੀਤ, ਮੈਡਮ ਮੋਨਿਕਾ, ਮੈਡਮ ਰਮਨਪ੍ਰੀਤ ਨੇ ਸਫਲਤਾਪੂਰਵਕ ਸਹਿਯੋਗ ਦੇ ਕੇ ਕਾਮਯਾਬ ਕੀਤਾ।