Canada ਚੋਣਾਂ ''ਚ ਪੰਜਾਬੀ ਕਰਾਉਣਗੇ ਬੱਲੇ-ਬੱਲੇ! ਇਨ੍ਹਾਂ ਸਿੱਖ ਚਿਹਰਿਆਂ ''ਤੇ ਰਹੇਗੀ ਸਭ ਦੀ ਨਜ਼ਰ
Monday, Apr 28, 2025 - 06:40 PM (IST)

ਵੈੱਬ ਡੈਸਕ : ਕੈਨੇਡਾ ਵਿਚ ਸੰਘੀ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਮੁੱਖ ਤੌਰ ਉੱਤੇ ਲਿਬਰਲਾਂ ਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪਰ ਇਸੇ ਵਿਚਾਲੇ ਭਾਰਤ ਨਾਲ ਸਬੰਧਿਤ ਕੁਝ ਸਿੱਖ ਚਿਹਰੇ ਵੀ ਹਨ, ਜਿਨ੍ਹਾਂ ਉੱਤੇ ਭਾਰਤ ਹੀ ਨਹੀਂ ਦੁਨੀਆ ਭਰ ਦੀ ਨਜ਼ਰ ਰਹੇਗੀ। ਇਨ੍ਹਾਂ ਵਿਚ ਜਗਮੀਤ ਸਿੰਘ, ਟਿਮ ਉੱਪਲ, ਸੁੱਖ ਧਾਲੀਵਾਲ, ਕਮਲ ਖਹਿਰਾ, ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ, ਸੋਨੀਆ ਸਿੱਧੂ ਮੁੱਖ ਹਨ।
Canada ਦੇ ਨਵੇਂ PM ਨੂੰ ਕਿੰਨੀ ਮਿਲੇਗੀ ਤਨਖਾਹ? ਹਾਲ 'ਚ ਹੀ ਹੋਇਆ ਹਜ਼ਾਰਾਂ ਡਾਲਰ ਦਾ ਵਾਧਾ
ਪੰਜਾਬੀ ਤੇ ਭਾਰਤੀ ਮੂਲ ਦੇ ਚਿਹਰਿਆਂ 'ਤੇ ਹੋਵੇਗੀ ਨਜ਼ਰ?
ਜਗਮੀਤ ਸਿੰਘ
ਪੰਜਾਬੀ ਮੂਲ ਦੇ ਸਭ ਤੋਂ ਚਰਚਿਤ ਉਮੀਦਵਾਰ ਜਗਮੀਤ ਸਿੰਘ ਬਰਨਬੀ ਸੈਂਟਰ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ। ਵੱਖ-ਵੱਖ ਪੋਲਜ਼ ਵਿੱਚ ਉਨ੍ਹਾਂ ਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਤੋਂ ਪਿੱਛੇ ਵਿਖਾਇਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੀਆਂ ਸੀਟਾਂ ਵਿਚ ਕਮੀ ਆ ਸਕਦੀ ਹੈ। ਜਗਮੀਤ ਸਿੰਘ ਤਿੰਨ ਵਾਰ ਐੱਮਪੀ ਦੀ ਚੋਣ ਜਿੱਤ ਚੁੱਕੇ ਹਨ, ਇਸ ਵਾਰ ਦੀਆਂ ਚੋਣਾਂ ਉਨ੍ਹਾਂ ਲਈ ਫ਼ੈਸਲਾਕੁੰਨ ਹੋਣਗੀਆਂ। ਜਗਮੀਤ ਸਿੰਘ ਜਿਸ ਹਲਕੇ ਤੋਂ ਪਿਛਲੀਆਂ ਚੋਣਾਂ ਜਿੱਤੇ ਸਨ, ਉਹ ਹਲਕਾ ਭੰਗ ਹੋ ਚੁੱਕਾ ਹੈ ਤੇ ਹੁਣ ਉਹ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਹਨ।
ਟਿਮ ਉੱਪਲ
ਐਡਮੰਟਨ ਮਿੱਲ ਵੁੱਡਸ ਤੋਂ ਐੱਮਪੀ ਟਿਮ ਉੱਪਲ ਵੀ ਕੈਨੇਡਾ 'ਚ ਪੰਜਾਬੀ ਮੂਲ ਦੇ ਚਰਚਿਤ ਆਗੂਆਂ ਵਿੱਚੋਂ ਇੱਕ ਹਨ। ਉਹ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਹਨ। ਉਨ੍ਹਾਂ ਦੀ ਵੈੱਬਸਾਈਟ ਦੇ ਮੁਤਾਬਕ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ 'ਰੈਜ਼ੀਡੈਂਸ਼ੀਅਲ ਮੌਰਟਗੇਜ ਮੈਨੇਜਰ' ਵਜੋਂ ਕੰਮ ਕਰਦੇ ਸਨ। ਉਹ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸਲਾਹਕਾਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਈਵੀ ਸਕੂਲ ਆਫ ਬਿਜ਼ਨਸ ਤੋਂ ਐੱਮਬੀਏ ਦੀ ਡਿਗਰੀ ਕੀਤੀ ਹੋਈ ਹੈ।
ਸੁੱਖ ਧਾਲੀਵਾਲ
ਸੁੱਖ ਧਾਲੀਵਾਲ ਬ੍ਰਿਟਿਸ਼ ਕੋਲੰਬੀਆ ਦੀ ਸਰੀ-ਨਿਊਟਨ ਸੀਟ ਤੋਂ ਲਿਬਰਲ ਪਾਰਟੀ ਦੇ ਐੱਮਪੀ ਹਨ। ਉਹ ਸਾਲ 2015 ਤੋਂ ਐੱਮਪੀ ਦੀ ਚੋਣ ਜਿੱਤਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਨਿਊਟਨ-ਨੌਰਥ ਡੈਲਟਾ ਤੋਂ ਸਾਲ 2006 ਤੋਂ 2011 ਤੱਕ ਐੱਮਪੀ ਰਹਿ ਚੁੱਕੇ ਹਨ। ਉਹ ਇੱਕ ਪੇਸ਼ੇਵਰ ਇੰਜੀਨੀਅਰ ਵਜੋਂ ਵੀ ਕੰਮ ਕਰਦੇ ਰਹੇ ਹਨ। ਉਹ ਆਪਣੇ ਹਲਕੇ ਵਿੱਚ ਪੰਜਾਬੀ ਭਾਈਚਾਰੇ ਦੇ ਇਕੱਠਾਂ ਵਿੱਚ ਅਕਸਰ ਨਜ਼ਰ ਆਉਂਦੇ ਹਨ।
Canada 'ਚ ਸੰਘੀ ਚੋਣਾਂ ਲਈ ਵੋਟਿੰਗ ਸ਼ੁਰੂ, ਮਾਰਕ ਕਾਰਨੀ ਤੇ ਪੋਇਲੀਵਰੇ ਵਿਚਾਲੇ ਸਖ਼ਤ ਮੁਕਾਬਲਾ
ਕਮਲ ਖਹਿਰਾ
ਬਰੈਂਪਟਨ ਵੈੱਸਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਕਮਲ ਖਹਿਰਾ ਨੂੰ ਮਾਰਕ ਕਾਰਨੀ ਵੱਲੋਂ ਸਿਹਤ ਮੰਤਰੀ ਬਣਾਇਆ ਗਿਆ ਹੈ। ਕਮਲ ਖਹਿਰਾ ਪਹਿਲੀ ਵਾਰ 2015 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। ਉਹ ਪਹਿਲਾਂ ਮਿਨੀਸਟਰ ਆਫ਼ ਸੀਨੀਅਰਜ਼, ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ, ਰਾਸ਼ਟਰੀ ਮਾਲ ਮੰਤਰੀ ਦੇ ਸੰਸਦੀ ਸਕੱਤਰ ਅਤੇ ਸਿਹਤ ਮੰਤਰੀ ਦੇ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਉਹ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ਸੀਨੀਅਰ ਮੰਤਰੀ ਵਜੋਂ ਕੈਨੇਡਾ ਦੀ ਬਜ਼ੁਰਗ ਆਬਾਦੀ ਦੀ ਦੇਖਭਾਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਮਾਰਚ, 2020 ਵਿੱਚ ਕੋਵਿਡ ਮਹਾਂਮਾਰੀ ਦੌਰਾਨ ਬਰੈਂਪਟਨ ਵੈਸਟ ਤੋਂ ਜਿਹੜੇ ਲਿਬਰਲ ਸੰਸਦ ਮੈਂਬਰ ਮਹਾਂਮਾਰੀ ਦੀ ਜਕੜ ਵਿੱਚ ਆਏ ਉਨ੍ਹਾਂ ਵਿੱਚ ਕਮਲ ਇੱਕ ਸਨ।
ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ, ਸੋਨੀਆ ਸਿੱਧੂ
ਰਣਦੀਪ ਸਿੰਘ ਸਰਾਏ ਸਰੀ ਸੈਂਟਰ ਹਲਕੇ ਤੋਂ 2015 ਤੋਂ ਐੱਮਪੀ ਹਨ। ਉਨ੍ਹਾਂ ਦੇ ਪਰਿਵਾਰ ਨੇ ਜਲੰਧਰ ਤੋਂ ਕੈਨੇਡਾ ਪਰਵਾਸ ਕੀਤਾ ਸੀ। ਰਣਦੀਪ ਸਰਾਏ ਪੇਸ਼ੇ ਵਜੋਂ ਵਕੀਲ ਵੀ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੈਚਲਰਜ਼ ਅਤੇ ਕੁਈਨਜ਼ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਬਰੈਂਪਟਨ ਸਾਊਥ ਤੋਂ ਉਮੀਦਵਾਰ ਸੋਨੀਆ ਸਿੱਧੂ ਅਤੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਰੂਬੀ ਸਹੋਤਾ ਵੀ ਮੁੱਖ ਪੰਜਾਬੀ ਉਮੀਦਵਾਰਾਂ ਵਿੱਚੋ ਇੱਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8