ਇਟਲੀ ''ਚ ਝਗੜੇ ਦੌਰਾਨ ਦੋ ਪੰਜਾਬੀ ਭਰਾਵਾਂ ਵਲੋਂ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਗ੍ਰਿਫ਼ਤਾਰ

Sunday, Feb 13, 2022 - 06:48 PM (IST)

ਰੋਮ (ਕੈਂਥ) ਕੁਝ ਲੋਕਾਂ ਦੇ ਸੁਭਾਅ ਵਿੱਚ ਐਨੀ ਗਰਮੀ ਤੇ ਤਲਖੀ ਹੁੰਦੀ ਹੈ ਕਿ ਉਹ ਵਿਦੇਸ਼ੀ ਧਰਤੀ 'ਤੇ ਜਾ ਕੇ ਵੀ ਹੋਸ਼ ਗੁਆ ਲੈਂਦੇ ਹਨ, ਜਿਸ ਨਾਲ ਸਮੁੱਚੀ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ। ਅਜਿਹੀ ਬੇਹੱਦ ਮਾੜੀ, ਸ਼ਰਮਨਾਕ ਅਤੇ ਦੁੱਖਦਾਈ ਘਟਨਾ ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲੋਹੇ ਦੇ ਕੰਮਕਾਜ ਦੀ ਇਕ ਫੈਕਟਰੀ ਵਿੱਚ ਕੰਮ ਕਰ ਰਹੇ ਕੁਝ ਪ੍ਰਵਾਸੀ ਪੰਜਾਬੀ ਭਾਰਤੀਆਂ ਵਿੱਚ ਕੁਝ ਮਤਭੇਦ ਨੂੰ ਲੈ ਕੇ ਆਪਸੀ ਬਹਿਸ ਛਿੜ ਗਈ, ਜੋ ਇਸ ਹੱਦ ਤੱਕ ਵਧ ਗਈ ਕਿ ਦੋ ਪੰਜਾਬੀ ਕਾਮਿਆਂ (ਜਿਨ੍ਹਾਂ ਦੀ ਉਮਰ 40/41 ਦੇ ਕਰੀਬ ਦੱਸੀ ਜਾ ਰਹੀ ਹੈ ਜੋ ਆਪਸ ਵਿੱਚ ਸਕੇ ਭਰਾ ਹਨ) ਨੇ ਰਣਜੀਤ ਬੈਂਸ ਨਾਮੀ 38 ਸਾਲ ਦੇ ਨੌਜਵਾਨ 'ਤੇ ਰਾਡਾਂ ਤੇ ਬੇਲਚੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। 

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਮੌਕੇ 'ਤੇ ਤੁਰੰਤ ਹੀ ਸਥਾਨਕ ਪੁਲਸ (ਕਾਰਾਬਨੇਰੀ) ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਕੁਝ ਮਿੰਟਾਂ ਵਿਚ ਹੀ ਘਟਨਾ ਸਥਾਨ 'ਤੇ ਪਹੁੰਚ ਕੇ ਤੁਰੰਤ ਹੀ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜ਼ਖਮੀ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਜਦੋਜਹਿਦ ਦੌਰਾਨ ਹੀ ਉਹ ਦਮ ਤੋੜ ਗਿਆ। ਪੁਲਸ ਨੇ ਇਸ ਕਤਲ ਦੇ ਮੁੱਖ ਦੋਸ਼ੀ ਦੋਵੇਂ ਭਰਾਵਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ਦੇ ਅਸਲੀ ਕਾਰਨਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ 'ਕੁਰਾਨ' ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਦਿੱਤੀ ਦਰਦਨਾਕ ਮੌਤ

ਦੱਸਿਆ ਗਿਆ ਕਿ ਮ੍ਰਿਤਕ ਰਣਜੀਤ ਬੈਂਸ ਤਕਰੀਬਨ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਪਾਸਪੋਰਟ (ਸਿਟੀਜ਼ਨਸ਼ਿੱਪ) ਸੀ। ਉਹ ਪੰਜਾਬ ਦੇ ਨਿਆਲ ਪਿੰਡ ਨਾਲ ਸਬੰਧਿਤ ਸੀ। ਉਹ ਇਟਲੀ ਵਿੱਚ ਆਪਣੀ ਪਤਨੀ, ਦੋ ਬੇਟਿਆਂ (4 ਤੇ 8 ਸਾਲ) ਨੂੰ ਦੁੱਖਦਾਈ ਵਿਛੋੜਾ ਦੇ ਗਿਆ। ਇਸ ਘਟਨਾ ਕਾਰਨ ਭਾਰਤੀ ਭਾਈਚਾਰੇ ਵਲੋਂ ਭਾਰੀ ਨਿਮੋਸ਼ੀ ਅਤੇ ਗਮਗੀਨ ਮਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਜਾਤੀ ਵਿਤਕਰੇ ਨੂੰ ਲੈ ਕੇ ਕਈ ਵਾਰ ਇਨ੍ਹਾਂ ਵਿਚਕਾਰ ਬਹਿਸ ਹੋਈ ਸੀ ਅਤੇ ਹੁਣ ਉਕਤ ਦੋਸ਼ੀ ਇਸ ਨੌਜਵਾਨ ਰਣਜੀਤ ਬੈਂਸ ਨੂੰ ਕੰਮ ਛੱਡਣ ਲਈ ਮਜਬੂਰ ਕਰ ਰਹੇ ਸਨ ਤਾਂ ਜੋ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਕੰਮ 'ਤੇ ਲਗਾਉਣਾ ਚਾਹੁੰਦੇ ਸਨ ਕਿਉਂਕਿ ਮ੍ਰਿਤਕ ਅਨੁਸੂਚਿਤ ਜਾਤੀ ਨਾਲ ਸੰਬੰਧਤ ਸੀ।

ਪੜ੍ਹੋ ਇਹ ਅਹਿਮ ਖ਼ਬਰ- ਸ਼ਰਮਨਾਕ! ਜੋੜੇ ਨੇ ਪੰਜ ਸਾਲ ਤੱਕ 'ਬੱਚੇ' ਨੂੰ ਬਕਸੇ 'ਚ ਰਹਿਣ ਲਈ ਕੀਤਾ ਮਜਬੂਰ, ਇੰਝ ਬਚੀ ਜਾਨ

ਭਾਰਤੀ ਸਮਾਜ ਦੇ ਮੋਹਤਬਰਾਂ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਅਜਿਹੀ ਘਟਨਾ ਤੋਂ ਸਬਕ ਲੈਂਦੇ ਹੋਏ ਸਮੁੱਚੇ ਭਾਰਤੀ ਭਾਈਚਾਰੇ ਨੂੰ ਬਿਨਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਰਲਮਿਲ ਕੇ ਇੱਕ ਦੂਜੇ ਨਾਲ ਦੁੱਖ-ਸੁੱਖ ਮੌਕੇ ਸਹਾਇਕ ਬਣ ਕੇ ਪਿਆਰ ਨਾਲ ਰਹਿਣ ਦੀ ਪੁਰਜੋਰ ਅਪੀਲ ਕੀਤੀ ਜਾ ਰਹੀ ਹੈ।ਹੈਰਾਨੀ ਦੀ ਗਿੱਲ ਹੈ ਕਿ ਜਾਤ-ਪਾਤ ਦਾ ਕੀੜਾ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੀ ਸੋਚ ਨੂੰ ਲੱਗਾ ਹੋਇਆ ਹੈ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਵਿਚਾਰਨਯੋਗ ਵਿਸ਼ਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News