ਰੋਜ਼ੀ-ਰੋਟੀ ਖਾਤਰ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

02/03/2020 2:07:47 AM

ਮਿਲਾਨ/ਇਟਲੀ (ਸਾਬੀ ਚੀਨੀਆ)-ਆਪਣੀਆਂ ਧੀਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੇ ਭੱਵਿਖ ਨੂੰ ਸੁਨਹਿਰੀ ਬਣਾਉਣ ਲਈ ਇਟਲੀ ਦੇ ਖੇਤੀ ਫਾਰਮ 'ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੁਖਵੀਰ ਸਿੰਘ ਵਾਸੀ ਪਿੰਡ ਗੋਹ੍ਹ (ਖੰਨਾ) ਦੀ ਘਰੋਂ ਕੰਮ 'ਤੇ ਜਾਣ ਤੋਂ ਪਹਿਲਾਂ ਹਾਰਟਅਟੈਕ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਣਯੋਗ ਸੁਖਵੀਰ ਸਿੰਘ ਇਟਲੀ ਦੇ ਸ਼ਹਿਰ "ਲਾਤੀਨਾ ਦੀ ਚਿਸਤੇਰਨਾ, ਵਿਖੇ ਪਿਛਲੇ 6,7 ਸਾਲ ਤੋਂ ਰਹਿਕੇ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾ ਰਿਹਾ ਸੀ ਪਰ 1 ਫਰਵਰੀ ਨੂੰ ਕੰਮ 'ਤੇ ਜਾਣ ਤੋਂ ਪਹਿਲਾਂ ਹਾਰਟ ਅਟੈਕ ਆਉਣ ਨਾਲ ਉਸਦੀ ਮੌਤ ਹੋ ਗਈ।

ਇਲਾਕੇ 'ਚ ਰਹਿੰਦੇ ਕੁਝ ਪੰਜਾਬੀਆਂ ਦਾ ਕਹਿਣਾ ਹੈ ਕਿ ਐਂਬੂਲੈਂਸ ਘਟਨਾ ਵਾਲੀ ਸਥਾਨ 'ਤੇ ਜਲਦੀ ਨਾਲ ਨਹੀ ਪੁੱਜ ਸਕੀ, ਜਿਸਦਾ ਮੁੱਖ ਕਾਰਨ ਸੀ ਕਿ ਸੁਖਵੀਰ ਤੇ ਨਾਲ ਰਹਿੰਦੇ ਸਾਥੀਆਂ ਨੂੰ ਇਟਾਲੀਅਨ ਬੋਲੀ ਦਾ ਗਿਆਨ ਨਾ ਹੋਣ ਕਰਕੇ ਉਨਾਂ ਤੋਂ ਡਾਕਟਰੀ ਟੀਮ ਨੂੰ ਆਪਣੇ ਘਰ ਦਾ ਪਤਾ ਦੱਸਣ 'ਚ ਮੁਸ਼ਕਲ ਆ ਰਹੀ ਸੀ। ਇੰਨੇ ਨੂੰ ਇਕ ਹੋਰ ਪੰਜਾਬੀ ਉਸਨੂੰ ਨਿੱਜੀ ਗੱਡੀ ਵਿਚ ਹਸਪਤਾਲ ਲੈਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਖਵੀਰ ਜਿੱਥੇ ਇਕ ਚੰਗਾ ਇਨਸਾਨ ਸੀ, ਉੱਥੇ ਹੀ ਗੁਰੂ ਘਰ ਦਾ ਗੂੜਾ ਪ੍ਰੇਮੀ ਹੋਣ ਕਰਕੇ ਹਰ ਸੇਵਾ ਮੋਹਰੀ ਬਣਕੇ ਕਰਦਾ ਸੀ।


Sunny Mehra

Content Editor

Related News