16 ਲੋਕਾਂ ਦੀ ਜਾਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ

Saturday, Mar 12, 2022 - 01:29 PM (IST)

16 ਲੋਕਾਂ ਦੀ ਜਾਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ

ਨਿਊਯਾਰਕ/ਕੈਲਗਰੀ (ਰਾਜ ਗੋਗਨਾ): ਕੈਨੇਡਾ 'ਚ ਹਮਬੋਲਟ ਬ੍ਰੋਕੋਸ ਬੱਸ ਹਾਦਸੇ ਵਿਚ 16 ਲੋਕਾਂ ਦੀ ਜਾਨ ਲੈਣ ਵਾਲੇ ਇਕ ਪੰਜਾਬੀ ਮੂਲ ਦੇ ਸੈਮੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ। ਸਿੱਧੂ ਦੇ ਇਮੀਗ੍ਰੇਸ਼ਨ ਵਕੀਲ ਮਾਈਕਲ ਗ੍ਰੀਨ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਵੱਲੋਂ ਸਿੱਧੂ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਵਿਚ ਸਿੱਧੂ ਵੱਲੋਂ ਉਸ ਦੀ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਵੱਲੋਂ ਕੈਨੇਡਾ ਵਿਚ ਰਹਿਣ ਦੀ ਇਜ਼ਾਜਤ ਮੰਗੀ ਗਈ ਸੀ।

ਇਹ ਵੀ ਪੜ੍ਹੋ: ਬਾਈਡੇਨ ਨੇ ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਨੂੰ ਨੀਦਰਲੈਂਡ 'ਚ ਰਾਜਦੂਤ ਕੀਤਾ ਨਾਮਜ਼ਦ

ਇੱਥੇ ਦੱਸਣਯੋਗ ਹੈ ਕਿ 6 ਅਪ੍ਰੈਲ 2018 ਨੂੰ ਵਾਪਰੇ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਅਤੇ ਜ਼ਖ਼ਮੀਆਂ ਵਿਚ ਜ਼ਿਆਦਾਤਰ ਸਸਕੈਚਵਨ ਦੀ ਜੂਨੀਅਰ ਆਈਸ ਹਾਕੀ ਟੀਮ ਦੇ ਖਿਡਾਰੀ ਸਨ। ਸਥਾਈ ਤੌਰ 'ਤੇ ਕੈਨੇਡਾ ਦਾ ਨਿਵਾਸੀ ਹੋਣ ਦਾ ਦਰਜਾ ਰੱਖਣ ਵਾਲੇ ਸਿੱਧੂ ਨੂੰ ਖ਼ਤਰਨਾਕ ਡਰਾਈਵਿੰਗ ਕਰਨ, ਮੌਤ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨਣ ਤੋਂ ਬਾਅਦ ਅਦਾਲਤ ਨੇ 8 ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨਾਲ 2 ਅੌਰਤਾਂ ਸਮੇਤ 4 ਭਾਰਤੀ ਗ੍ਰਿਫ਼ਤਾਰ

ਹੁਣ ਸਿੱਧੂ ਦਾ ਮਾਮਲਾ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ ਸੌਂਪਿਆ ਜਾਵੇਗਾ ਤਾਂ ਜੋ ਫ਼ੈਸਲਾ ਕੀਤਾ ਜਾ ਸਕੇ ਕਿ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਦਾ ਕਹਿਣਾ ਸੀ ਕਿ ਉਹ ਹੁਣ ਸੀ.ਬੀ.ਐੱਸ. ਏ. ਦੇ ਇਸ ਫ਼ੈਸਲੇ ਨੂੰ ਫੈਡਰਲ ਅਦਾਲਤ ਵਿਚ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੀ ਯੋਜਨਾਬੱਧ ਅਪੀਲ ਅਸਫ਼ਲ ਰਹਿੰਦੀ ਹੈ ਤਾਂ ਸਜ਼ਾ ਪੂਰੀ ਹੋਣ 'ਤੇ ਉਸ ਨੂੰ ਕੈਨੇਡਾ ਤੋਂ ਭਾਰਤ ਪਰਤਣਾ ਪਵੇਗਾ।

ਇਹ ਵੀ ਪੜ੍ਹੋ: ਬੇਭਰੋਸਗੀ ਮਤਾ: ਫਿਰ ਗੇਂਦਬਾਜ਼ੀ ਕਰਨ ਲਈ ਤਿਆਰ ਇਮਰਾਨ, ਕਿਹਾ- ਵਿਰੋਧੀ ਧਿਰ ਦੀਆਂ ਲਵਾਂਗਾ 3 ਵਿਕਟਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News