ਆਸਟਰੇਲੀਆ ''ਚ ਪੰਜਾਬੀ ਟੈਕਸੀ ਡਰਾਈਵਰ ''ਤੇ ਜਾਨਲੇਵਾ ਹਮਲਾ

07/20/2017 1:08:15 PM

ਮੈਲਬੌਰਨ— ਆਸਟਰੇਲੀਆ ਵਿਚ ਆਏ ਦਿਨ ਪੰਜਾਬੀ ਨੌਜਵਾਨ ਹਿੰਸਕ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ। ਆਸਟਰੇਲੀਆ ਦੇ ਮੈਲਬੌਰਨ ਵਿਚ ਬੀਤੇ ਬੁੱਧਵਾਰ ਨੂੰ ਇਕ ਪੰਜਾਬੀ ਟੈਕਸੀ ਡਰਾਈਵਰ ਹਮਲੇ ਦਾ ਸ਼ਿਕਾਰ ਹੋਇਆ ਹੈ। ਟੈਕਸੀ ਡਰਾਈਵਰ ਦਿਲਜੀਤ ਅਟਵਾਲ 'ਤੇ ਯਾਤਰੀ ਨੇ ਹੀ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 
ਡਰਾਈਵਰ ਅਜੀਤ ਅਟਵਾਲ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੈਲਬੌਰਨ ਦੇ ਪੱਛਮੀ ਹਿੱਸੇ ਸੈਂਟ. ਅਲਬੰਸ ਵਿਚ ਉਸ ਨੇ ਤਕਰੀਬਨ 5.00 ਵਜੇ ਇਕ ਯਾਤਰੀ ਨੂੰ ਆਪਣੀ ਟੈਕਸੀ ਵਿਚ ਬਿਠਾਇਆ। ਨਿਯਮਾਂ ਮੁਤਾਬਕ ਯਾਤਰੀ ਨੂੰ ਟੈਕਸੀ 'ਚ ਵਾਧੂ ਸਾਮਾਨ ਰੱਖਣ ਦੇ ਵੀ ਪੈਸੇ ਦੇਣੇ ਪੈਂਦੇ ਹਨ ਦਿਲਜੀਤ ਨੇ ਯਾਤਰੀ ਤੋਂ ਪੈਸੇ ਮੰਗੇ ਪਰ ਉਸ ਨੇ ਮਨਾ ਕਰ ਦਿੱਤਾ ਅਤੇ ਗੁੱਸੇ ਹੋ ਗਿਆ। ਯਾਤਰੀ ਨੇ ਦਿਲਜੀਤ ਨੂੰ ਆਪਣਾ ਸਾਮਾਨ ਬਾਹਰ ਕੱਢ ਲਈ ਕਿਹਾ। ਇੰਨੀ ਗੱਲ ਸੁਣ ਕੇ ਦਿਲਜੀਤ ਨੇ ਸਾਮਾਨ ਬਾਹਰ ਕੱਢ ਦਿੱਤਾ ਪਰ ਟੈਕਸੀ 'ਚੋਂ ਗੁੱਸੇ ਵਿਚ ਬਾਹਰ ਆਏ ਯਾਤਰੀ ਨੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉਸ ਦੀ ਅੱਖ ਸੂਜ ਗਈ ਅਤੇ 4 ਦੰਦ ਟੁੱਟ ਗਏ। ਟੈਕਸੀ ਸਰਵਿਸ ਕਮਿਸ਼ਨ ਨੇ ਘਟਨਾ ਵਾਲੀ ਥਾਂ 'ਤੇ ਦਿਲਜੀਤ ਦੀਆਂ ਤਸਵੀਰਾਂ ਲਈਆਂ ਅਤੇ ਪੁਲਸ ਨੂੰ ਦਿੱਤੀਆਂ। ਪੁਲਸ ਹੁਣ ਦੋਸ਼ੀ ਦੀ ਭਾਲ ਕਰ ਰਹੀ ਹੈ।
ਇਸ ਘਟਨਾ ਤੋਂ ਬਾਅਦ ਦਿਲਜੀਤ ਦਾ ਪਰਿਵਾਰ ਦੁੱਖੀ ਹੈ, ਕਿਉਂਕਿ ਪਰਿਵਾਰ ਵਿਚ ਸਿਰਫ ਉਹ ਹੀ ਕਮਾਉਣ ਵਾਲਾ ਹੈ। ਦਿਲਜੀਤ ਨੇ ਕਿਹਾ ਕਿ ਉਸ ਨੇ ਮੈਡੀਕਲ ਟੈਸਟ ਕਰਵਾਇਆ ਹੈ ਅਤੇ ਰਿਪੋਰਟ ਦੀ ਉਡੀਕ ਕਰ ਰਿਹਾ ਹੈ। ਇਸ ਘਟਨਾ ਦੀ ਹਰ ਕੋਈ ਖਾਸ ਕਰ ਕੇ ਟੈਕਸੀ ਡਰਾਈਵਰਾਂ ਵਲੋਂ ਆਲੋਚਨਾ ਕੀਤੀ ਜਾ ਰਹੀ ਹੈ।


Related News