ਪੰਜਾਬੀ ਲੇਖਕ ਸਭਾ ਕਾਵੈਂਟਰੀ (ਯੂ. ਕੇ.) ਵੱਲੋਂ ਕਵੀ ਸੰਮੇਲਨ ਕਰਵਾਇਆ ਗਿਆ
Monday, Jun 27, 2022 - 09:25 PM (IST)
 
            
            ਕਾਵੈਂਟਰੀ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਪਿਛਲੇ ਦਿਨੀਂ ਪੰਜਾਬੀ ਲੇਖਕ ਸਭਾ ਕਾਵੈਂਟਰੀ (ਯੂ. ਕੇ.) ਵੱਲੋਂ ਕਵੀ ਸੰਮੇਲਨ ਕਰਵਾਇਆ ਗਿਆ, ਜਿਸ ’ਚ ਨਾਮਵਰ ਸ਼ਾਇਰਾਂ ਨੇ ਹਾਜ਼ਰੀ ਭਰੀ। ਜਿੱਥੇ ਕਵੀਆਂ ਨੇ ਗਜ਼ਲਾਂ, ਗੀਤਾਂ ਰਾਹੀਂ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਹੀ ਪ੍ਰਸਿੱਧ ਕਵੀਆਂ ਦੀਆਂ ਕਿਤਾਬਾਂ ਵੀ ਲੋਕ-ਅਰਪਣ ਕੀਤੀਆਂ ਗਈਆਂ, ਜਿਨ੍ਹਾਂ ’ਚ ਸੰਤੋਖ ਸਿੰਘ ਹੇਅਰ (ਕਾਵੈਂਟਰੀ) ਦੀ ਕਹਾਣੀਆਂ ਦੀ ਕਿਤਾਬ ‘ਹਰਾ ਚੂੜਾ’ ਅਤੇ ਸੁਰਿੰਦਰਪਾਲ ਸਿੰਘ (ਕਾਵੈਂਟਰੀ) ਦੀ ਕਾਵਿ ਪੁਸਤਕ ‘ਗੁੜ ਵਾਲੀ ਚਾਹ’ ਲੋਕ-ਅਰਪਣ ਕੀਤੀਆਂ ਗਈਆਂ। ਸੰਤੋਖ ਸਿੰਘ ਹੇਅਰ (ਕਾਵੈਂਟਰੀ) ਦੀ ਕਹਾਣੀਆਂ ਦੀ ਕਿਤਾਬ ’ਤੇ ਦੋ ਪਰਚੇ ਪੜ੍ਹੇ ਗਏ। ਪਹਿਲਾ ਪਰਚਾ ਕੁਲਵੰਤ ਕੌਰ ਢਿੱਲੋਂ ਵੱਲੋਂ ਅਤੇ ਦੂਜਾ ਪਰਚਾ ਸੁਰਿੰਦਰਪਾਲ ਬਰਾੜ ਕਨੇਡਾ ਵੱਲੋਂ ਲਿਖਿਆ ਸੁਰਿੰਦਰਪਾਲ ਸਿੰਘ (ਕਾਵੈਂਟਰੀ) ਵੱਲੋਂ ਪੜ੍ਹਿਆ ਗਿਆ। ਹਾਜ਼ਰ ਸਾਹਿਤਕਾਰਾਂ ਵੱਲੋਂ ਪਰਚਿਆਂ ਉੱਤੇ ਸਾਰਥਕ ਵਿਚਾਰ-ਵਟਾਂਦਰੇ ਕੀਤੇ ਗਏ। ਪ੍ਰਧਾਨਗੀ ਮੰਡਲ ’ਚ ਡਾ. ਦਵਿੰਦਰ ਕੌਰ, ਡਾ. ਕਰਨੈਲ ਸ਼ੇਰਗਿੱਲ, ਮਹਿੰਦਰਪਾਲ ਧਾਲੀਵਾਲ, ਡਾ. ਬਲਦੇਵ ਕੰਧੋਲਾ ਅਤੇ ਕੌਂਸਲਰ ਰਾਮ ਲਾਖਾ ਨੇ ਹਿੱਸਾ ਲਿਆ। ਸਟੇਜ ਦੀ ਕਾਰਵਾਈ ਸੁਰਿੰਦਰਪਾਲ ਸਿੰਘ (ਕਾਵੈਂਟਰੀ) ਵੱਲੋਂ ਨਿਭਾਈ ਗਈ।

ਪ੍ਰੋਗਰਾਮ ਦੇ ਦੂਸਰੇ ਹਿੱਸੇ ’ਚ ਸਭਾ ਵੱਲੋਂ ਆਪਣੀ ਪੁਰਾਣੀ ਰੀਤ ਨੂੰ ਬਰਕਰਾਰ ਰੱਖਦਿਆਂ ਸਾਹਿਤ ਨੂੰ ਸਮਰਪਿਤ ਡਾ. ਮਹਿੰਦਰ ਗਿੱਲ ਅਤੇ ਅਾਸਟਰੇਲੀਆ ਤੋਂ ਆਏ ਦਲਵੀਰ ਹਲਵਾਰਵੀ ਨੂੰ ਉਹਨਾਂ ਦੀਆਂ ਸਾਹਿਤ ਅਤੇ ਸਮਾਜਿਕ ਘਾਲਣਾ ਸਦਕਾ ਸਨਮਾਨਿਤ ਕੀਤਾ ਗਿਆ। ਸੁਰਿੰਦਰਪਾਲ ਸਿੰਘ (ਕਾਵੈਂਟਰੀ) ਦਾ ਦੂਸਰਾ ਕਾਵਿ ਸੰਗ੍ਰਹਿ ‘ਗੁੜ ਵਾਲੀ ਚਾਹ’ ਅਤੇ ਸੰਤੋਖ ਸਿੰਘ ਹੇਅਰ ਦਾ ਕਹਾਣੀ ਸੰਗ੍ਰਹਿ ‘ਹਰਾ ਚੂੜਾ’ ਸਮੇਤ ਡਾ. ਦਵਿੰਦਰ ਕੌਰ, ਮਹਿੰਦਰ ਦਿਲਬਰ, ਦਲਵੀਰ ਹਲਵਾਰਵੀ, ਪਰਮ ਨਿਮਾਣਾ ਸਮੇਤ ਹੋਰ ਕਿਤਾਬਾਂ ਲੋਰ ਅਰਪਣ ਕੀਤੀਆਂ ਗਈਆਂ। ਇਸ ਸ਼ੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਰਜਿੰਦਰ ਕੌਰ, ਦਲਵੀਰ ਹਲਵਾਰਵੀ, ਬਲਦੇਵ ਮਸਤਾਨਾ ਅਤੇ ਦਲਵੀਰ ਕੌਰ ਬਿਰਾਜਮਾਨ ਹੋਏ। ਇਸ ਸੈਸ਼ਨ ਦੇ ਸਟੇਜ ਦੀ ਜ਼ਿੰਮੇਵਾਰੀ ਕੁਲਦੀਪ ਬਾਂਸਲ ਵੱਲੋਂ ਬਾਖੂਬੀ ਨਿਭਾਈ ਗਈ। ਆਖਿਰ ’ਚ ਪੰਜਾਬੀ ਲੇਖਕ ਸਭਾ ਕਾਵੈਂਟਰੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            