ਇਟਲੀ ’ਚ ਪੰਜਾਬਣ ਧੀ ਨੇ ਵਧਾਇਆ ਮਾਣ, ਪੜ੍ਹਾਈ ’ਚੋਂ ਅੱਵਲ ਆ ਕੇ ਜਿੱਤੀ 6 ਲੱਖ ਤੋਂ ਵੱਧ ਦੀ ਸਕਾਲਰਸ਼ਿਪ
Saturday, Dec 04, 2021 - 07:06 PM (IST)
ਰੋਮ (ਕੈਂਥ)-ਇਟਲੀ ’ਚ ਵਸਦੇ ਭਾਰਤੀ ਬੱਚੇ ਵਿੱਦਿਅਕ ਖੇਤਰਾਂ ’ਚ ਇਟਾਲੀਅਨ ਬੱਚਿਆਂ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਰਫ਼ਤਾਰ ਨਾਲ ਪਛਾੜਦਿਆਂ ਕਾਮਯਾਬੀ ਦੀ ਟੀਸੀ ਵੱਲ ਤੁਰੇ ਜਾ ਰਹੇ ਹਨ, ਉਹ ਕਾਬਿਲੇ-ਤਾਰੀਫ਼ ਹੈ। ਇਸ ਦੇ ਨਾਲ ਹੀ ਉਹ ਇਹ ਗੱਲ ਵੀ ਸਿੱਧ ਕਰਦੇ ਹਨ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਇਟਲੀ ਦੇ ਸਰਕਾਰੀ ਅਦਾਰਿਆਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ’ਚ ਭਾਰਤੀ ਵੀ ਉਚੇਚਾ ਯੋਗਦਾਨ ਪਾਉਣਗੇ। ਅੱਜ ਅਸੀਂ ਅਜਿਹੇ ਹੀ ਹੋਣਹਾਰ ਬੱਚੇ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ, ਜਿਸ ਨੇ ਇਟਲੀ ਦੇ ਸੂਬੇ ਤਸਕਾਨਾ ਦੇ ਫਿਰੈਸ਼ੇ ਦੇ ਪੰਜ ਸ਼ਹਿਰਾਂ ’ਚੋਂ ਪੜ੍ਹਾਈ ’ਚ ਅੱਵਲ ਆ ਕੇ ਵਿਸ਼ੇਸ਼ ਸਕਾਲਰਸ਼ਿਪ ਐਵਾਰਡ ਜਿੱਤਿਆ ਹੈ। ਇਹ ਪੰਜਾਬ ਦੀ ਦੁਲਾਰੀ ਧੀ ਹੈ ਸੁਖਵਿੰਦਰ ਸਿੰਘ ਤੇ ਹਰਵਿੰਦਰ ਕੌਰ ਦੀ ਲਾਡਲੀ ਹਰਮਨਪ੍ਰੀਤ ਕੌਰ, ਜੋ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਅਮਰਗੜ੍ਹ ਦੀ ਜੰਮਪਲ ਹੈ। ਇਸ ਧੀ ਨੇ ਫੂਚੈਕਿਓ ਸ਼ਹਿਰ ਦੇ ਕੇਕੀ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ 99 ਫੀਸਦੀ ਨੰਬਰ ਲੈ ਕੇ ਕੀਤੀ ਹੈ ਤੇ ਫਿਰੈਂਸੇ ਜ਼ਿਲ੍ਹੇ ਦੇ 5 ਸ਼ਹਿਰਾਂ ਦੇ ਵਿਦਿਆਰਥੀਆਂ ’ਚ ਅੱਵਲ ਆ ਕੇ ਮਾਪਿਆਂ ਸਮੇਤ ਦੇਸ਼ ਤੇ ਭਾਰਤੀ ਭਾਈਚਾਰੇ ਲਈ ਮਾਣ ਦਾ ਸਬੱਬ ਬਣੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਇਲਜ਼ਾਮ, ਸਿੱਖਾਂ ਦੀ ਸੰਸਥਾ SAD ਨੂੰ ਕਰਨਾ ਚਾਹੁੰਦੀ ਹੈ ਖ਼ਤਮ (ਵੀਡੀਓ)
ਹਰਮਨਪ੍ਰੀਤ ਕੌਰ ਦੀ ਕਾਬਲੀਅਤ ਦੀ ਬਦੌਲਤ ਹੀ 5 ਸ਼ਹਿਰਾਂ ਦੇ ਨਗਰ ਕੌਂਸਲ ਮੇਅਰ ਵੱਲੋਂ 7500 ਯੂਰੋ ਦਾ ਵਿਸ਼ੇਸ਼ ਸਕਾਲਰਸ਼ਿਪ ਐਵਾਰਡ ਉਸ ਨੂੰ ਇਨਾਮ ਵਜੋਂ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਫਾਰਮੇਸੀ ਦੀ ਪੜ੍ਹਾਈ, ਜੋ ਪੀਜਾ ਯੂਨੀਵਰਸਿਟੀ ਤੋਂ ਆਉਣ ਵਾਲੇ 5 ਸਾਲਾਂ ’ਚ ਕਰੇਗੀ, ਵਿਚ ਖਰਚ ਸਕੇ। ਇਸ ਧੀ ਨੇ ਇਹ ਸਕਾਲਰਸ਼ਿਪ ਐਵਾਰਡ ਪ੍ਰਾਪਤ ਕਰਕੇ ਇਲਾਕੇ ਦੇ ਉਨ੍ਹਾਂ ਤਮਾਮ ਇਟਾਲੀਅਨ ਲੋਕਾਂ ਦੀ ਸੋਚ ਬਦਲ ਕੇ ਰੱਖ ਦਿੱਤੀ ਹੈ, ਜਿਹੜੇ ਇਹੀ ਸਮਝਦੇ ਸਨ ਕਿ ਵਿਦੇਸ਼ੀ ਲੋਕ ਇਟਲੀ ’ਚ ਕੰਮ ਜ਼ਰੂਰ ਚੰਗਾ ਕਰ ਸਕਦੇ ਹਨ ਪਰ ਉੱਚ ਵਿੱਦਿਅਕ ਅਦਾਰਿਆਂ ਤੱਕ ਸ਼ਾਇਦ ਹੀ ਇਨ੍ਹਾਂ ਦੇ ਬੱਚੇ ਪਹੁੰਚ ਸਕਣ। ਹਰਮਨਪ੍ਰੀਤ ਕੌਰ ਪਹਿਲੀ ਅਜਿਹੀ ਪੰਜਾਬਣ ਹੈ, ਜਿਸ ਨੇ ਇਹ ਸਕਾਲਰਸ਼ਿਪ ਐਵਾਰਡ ਜਿੱਤਿਆ ਹੈ, ਜਿਸ ਲਈ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਮਿਲ ਰਹੀਆਂ ਹਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ