ਟੋਰਾਂਟੋ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ

Saturday, Oct 05, 2019 - 08:43 PM (IST)

ਟੋਰਾਂਟੋ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ

ਬਰੈਂਪਟਨ (ਏਜੰਸੀ)- ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਜੋੜੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ ਇਥੋਂ ਸਵਾ ਸੌ ਕਿਲੋਮੀਟਰ ਦੂਰ ਸੇਂਟ ਕੈਥਰੀਨਜ਼ ਸ਼ਹਿਰ ਲਾਗੇ ਹਾਈਵੇ 406 'ਤੇ ਵਾਪਰੇ ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸਾ 2 ਅਕਤੂਬਰ ਨੂੰ ਅੱਧੀ ਰਾਤ ਤੋਂ ਬਾਅਦ ਇੱਕ ਵਜੇ ਦੇ ਕਰੀਬ ਵਾਪਰਿਆ ਸੀ। ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਤੋਂ ਬਾਅਦ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿਚ ਸਵਾਰ ਬਰੈਂਪਟਨ ਦੇ ਪੰਜਾਬੀ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ, ਜਿਸ ਕਾਰਨ ਉਨ੍ਹਾਂ ਦੀ ਥਾਈਂ ਮੌਤ ਹੋ ਗਈ।

ਮ੍ਰਿਤਕ ਜੋੜੇ ਦੀ ਸ਼ਨਾਖਤ ਬਰੈਂਪਟਨ ਦੇ ਕੁਲਬੀਰ ਸਿੰਘ ਸਿੱਧੂ ਅਤੇ ਪਤਨੀ ਕੁਲਵਿੰਦਰ ਕੌਰ ਵਜੋਂ ਕੀਤੀ ਗਈ ਹੈ। ਦੋਵੇਂ ਆਪਣੀ ਬੇਟੀ ਨੂੰ ਬਰੌਕ ਯੂਨੀਵਰਸਿਟੀ ਵਿਚ ਛੱਡ ਕੇ ਪਰਤ ਰਹੇ ਸਨ, ਜਿਸ ਦੌਰਾਨ ਇਕ ਨੌਜਵਾਨ ਜੋ ਕਿ ਗ਼ਲਤ ਦਿਸ਼ਾ ਤੋਂ ਆ ਰਿਹਾ ਸੀ, ਜਿਸ ਕਾਰਨ ਦੋਹਾਂ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। 24 ਸਾਲ ਦਾ ਨੌਜਵਾਨ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨੌਜਵਾਨ ਗਲਤ ਪਾਸੇ ਗੱਡੀ ਕਿਉਂ ਚਲਾ ਰਿਹਾ ਸੀ। ਪੁਲਸ ਨੇ ਭਾਵੇਂ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਕਾਰ ਸਵਾਰ ਕੁਲਬੀਰ ਸਿੱਧੂ ਅਤੇ ਕੁਲਵਿੰਦਰ ਕੌਰ ਹੀ ਸਨ, ਜੋ ਆਪਣੇ ਪਿੱਛੇ ਇਕ ਬੇਟਾ ਅਤੇ ਬੇਟੀ ਛੱਡ ਗਏ ਹਨ। ਕੁਲਬੀਰ ਸਿੱਧੂ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਮਹਿਤਾਬਪੁਰ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।


author

Sunny Mehra

Content Editor

Related News