ਪੰਜਾਬੀ ਜੋੜੇ ਦੇ ਕਤਲ ਮਾਮਲੇ ''ਚ ਪੁੱਤਰ ਦੋਸ਼ੀ ਕਰਾਰ
Friday, Aug 21, 2020 - 12:06 PM (IST)

ਲੰਡਨ (ਰਾਜਵੀਰ ਸਮਰਾ): ਯੂ.ਕੇ ਵਿਚ 52 ਸਾਲਾ ਜਸਬੀਰ ਕੌਰ ਅਤੇ 51 ਸਾਲਾ ਰੁਪਿੰਦਰ ਸਿੰਘ ਬਾਸਨ ਦੇ ਕਤਲ ਮਾਮਲੇ 'ਚ ਬਰਮਿੰਘਮ ਕਰਾਊਨ ਕੋਰਟ ਨੇ ਅਨਮੋਲ ਚਾਨਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 'ਚ ਅਨਮੋਲ ਚਾਨਾ ਨੇ ਖ਼ੁਦ ਨੂੰ ਬੇਕਸੂਰ ਕਿਹਾ ਸੀ। 25 ਸਾਲਾ ਅਨਮੋਲ ਚਾਨਾ ਨੇ ਆਪਣੀ ਮਾਂ ਜਸਬੀਰ ਕੌਰ ਅਤੇ ਮਤਰੇਏ ਬਾਪ ਰੁਪਿੰਦਰ ਸਿੰਘ ਬਾਸਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਵਿਦੇਸ਼ ਮੰਤਰੀ ਪਹੁੰਚੇ ਚੀਨ, ਸ਼ੀ ਜਿਨਪਿੰਗ ਨੂੰ ਭੇਜੇ ਤਿੰਨ ਪ੍ਰਸਤਾਵ
ਅਦਾਲਤੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਅਨਮੋਲ ਚਾਨਾ ਦਾ ਪਹਿਲਾਂ ਵੀ ਮ੍ਰਿਤਕਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਅਨਮੋਲ ਚਾਨਾ ਕੋਲੋਂ ਤੇਜ਼ਧਾਰ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤਾ ਸੀ ਅਤੇ ਉਸ ਦੀ ਕਾਰ 'ਚੋਂ ਵੀ ਖ਼ੂਨ ਦੇ ਧੱਬੇ ਮਿਲੇ ਸਨ। ਬਰਮਿੰਘਮ ਕਰਾਊਨ ਕੋਰਟ 'ਚ 12 ਮੈਂਬਰੀ ਜਿਊਰੀ ਨੇ ਕੇਸ ਨੂੰ ਸੁਣਿਆ ਅਤੇ ਤਿੰਨ ਘੰਟਿਆਂ ਬਾਅਦ ਸਮੁੱਚੀ ਜਿਊਰੀ ਨੇ ਅਨਮੋਲ ਚਾਨਾ ਨੂੰ ਦੋ ਕਤਲ ਮਾਮਲਿਆਂ 'ਚ ਦੋਸ਼ੀ ਠਹਿਰਾਇਆ। 52 ਸਾਲਾ ਜਸਬੀਰ ਕੌਰ ਅਤੇ 51 ਸਾਲਾ ਰੁਪਿੰਦਰ ਸਿੰਘ ਬਾਸਨ ਦੀਆਂ ਲਾਸ਼ਾਂ ਮੋਟ ਰੋਡ ਓਲਡਬਰੀ ਦੀ ਇਕ ਰਿਹਾਇਸ਼ ਤੋਂ 25 ਫਰਵਰੀ ਨੂੰ ਮਿਲੀਆਂ ਸਨ। ਜਿਸ ਮਗਰੋਂ ਕੋਵਿਡ-19 ਕਾਰਨ ਅਦਾਲਤਾਂ 'ਚ ਕਈ ਮਾਮਲਿਆਂ ਦੀ ਸੁਣਵਾਈ 'ਚ ਦੇਰੀ ਹੋਈ ਹੈ। ਅਜਿਹੇ ਮਾਮਲਿਆਂ 'ਚ ਇਕ ਇਹ ਵੀ ਸੀ।