ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ

02/14/2018 1:36:31 PM

ਰੋਮ, (ਵਿੱਕੀ ਬਟਾਲਾ)— ਰੋਜ਼ੀ-ਰੋਟੀ ਲਈ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਉੱਥੇ ਕੰਮ ਵੀ ਨਹੀਂ ਮਿਲਦਾ ਅਤੇ ਉਹ ਮੁਸ਼ਕਲਾਂ ਨਾਲ ਜ਼ਿੰਦਗੀ ਕੱਟਦੇ ਹਨ। ਉਨ੍ਹਾਂ 'ਚੋਂ ਕਈ ਗਰੀਬੀ ਦੀ ਮਾਰ ਹੇਠ ਵਿਦੇਸ਼ੀ ਧਰਤੀ 'ਤੇ ਹੀ ਦਮ ਤੋੜ ਦਿੰਦੇ ਹਨ। ਘਰ ਨਾ ਹੋਣ ਕਾਰਨ ਬਹੁਤ ਸਾਰੇ ਲੋਕ ਸੜਕਾਂ 'ਤੇ ਸੌਂਦੇ ਹਨ ਅਤੇ ਕੜਾਕੇ ਦੀ ਠੰਡ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਇਟਲੀ ਦੇ ਸ਼ਹਿਰ ਬੈਰਗਾਮੋ ਵਿਖੇ ਇਕ ਪੰਜਾਬੀ ਨੌਜਵਾਨ ਅਵਤਾਰ ਸਿੰਘ (30) ਬੇਰੁਜ਼ਗਾਰੀ ਦਾ ਸ਼ਿਕਾਰ ਹੋਣ ਕਰਕੇ ਸੜਕ 'ਤੇ ਮਨਫੀ ਡਿਗਰੀ ਠੰਡ ਵਿਚ ਸੁੱਤਾ ਸੀ, ਜਿਸ ਦੀ ਠੰਡ ਲੱਗਣ ਕਰਕੇ ਮੌਤ ਹੋ ਗਈ।
ਇਟਾਲੀਅਨ ਖਬਰਾਂ ਮੁਤਾਬਕ ਉਕਤ ਨੌਜਵਾਨ ਦਾ ਕੋਈ ਪਤਾ ਜਾਂ ਕੋਈ ਇਟਾਲੀਅਨ ਪੇਪਰ ਨਹੀਂ ਸੀ, ਜਿਸ ਦੀ ਵੱਡੇ ਪੱਧਰ 'ਤੇ ਜਾਂਚ ਪੜਤਾਲ ਕੀਤੀ ਗਈ। ਕਿਤੇ ਵੀ ਉਸ ਦਾ ਕੋਈ ਪਤਾ ਜਾਂ ਜਾਣ-ਪਹਿਚਾਣ ਨਹੀਂ ਮਿਲੀ । ਇਸ ਕਾਰਨ ਬੈਰਗਾਮੋ ਦੇ ਭਾਈਚਾਰੇ ਵੱਲੋਂ ਉਸ ਦੇ ਸੰਸਕਾਰ ਕਰਨ ਦਾ ਖਰਚਾ ਚੁੱਕਿਆ ਗਿਆ।
ਵਰਨਣਯੋਗ ਹੈ ਕਿ ਇਟਲੀ ਵਿਚ ਕਈ ਪੰਜਾਬੀ ਨੌਜਵਾਨ ਇੱਥੇ ਆਏ ਹਨ । ਕਈ ਵਾਰ ਦੇਖਿਆ ਗਿਆ ਹੈ ਕਿ ਉਹ ਆਪਣੇ ਮਾਂ-ਪਿਉ ਦੀ ਅਣਗਿਹਲੀ ਦਾ ਸ਼ਿਕਾਰ ਹੁੰਦੇ ਹਨ। ਪੰਜਾਬ ਵਿਚ ਰਹਿੰਦਿਆਂ ਕੁੱਝ ਨੌਜਵਾਨ ਕਈ ਤਰ੍ਹਾਂ ਦੀਆਂ ਭੈੜੀਆਂ ਆਦਤਾਂ ਵਿਚ ਫਸੇ ਹੁੰਦੇ ਹਨ ਤੇ ਮਾਤਾ-ਪਿਤਾ ਕਰਜ਼ਾ ਚੁੱਕ ਕੇ ਏਜੰਟਾਂ ਦੇ ਰਾਹੀਂ ਕਿਸੇ ਨਾ ਕਿਸੇ ਤਰ੍ਹਾਂ ਯੂਰਪ 'ਚ ਭੇਜ ਦਿੰਦੇ ਹਨ। ਵਿਦੇਸ਼ ਜਾ ਕੇ ਵੀ ਕਈ ਨੌਜਵਾਨ ਮਿਹਨਤ ਨਹੀਂ ਕਰਦੇ ਅਤੇ ਕਈ ਕਮਾਈ ਨੂੰ ਸੰਭਾਲਦੇ ਹੀ ਨਹੀਂ ਅਤੇ ਕੋਈ ਥਾਂ-ਟਿਕਾਣਾ ਵੀ ਨਹੀਂ ਲੱਭ ਪਾਉਂਦੇ ਤੇ ਅਖੀਰ ਮੌਤ ਦੇ ਸ਼ਿਕਾਰ ਬਣ ਜਾਂਦੇ ਹਨ।


Related News