ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ

Sunday, Oct 05, 2025 - 12:23 PM (IST)

ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ

ਇੰਟਰਨੈਸ਼ਨਲ ਡੈਸਕ- ਭਾਰਤੀ ਨੌਜਵਾਨ ਚੰਗੇ ਭਵਿੱਖ ਖ਼ਾਤਿਰ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਉੱਥੇ ਪੜ੍ਹ ਲਿਖ ਕੇ ਚੰਗੇ ਕੰਮ ਕਰ ਰਹੇ ਹਨ ਤੇ ਆਪਣਾ ਭਵਿੱਖ ਰੌਸ਼ਨ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਉੱਥੇ ਜਾ ਕੇ ਗ਼ਲਤ ਕੰਮਾਂ 'ਚ ਪੈ ਜਾਂਦੇ ਹਨ। ਉਹ ਉੱਥੇ ਜਾ ਕੇ ਜਲਦੀ ਪੈਸੇ ਕਮਾਉਣ ਦੇ ਚੱਕਰ 'ਚ ਗਿਰੋਹ ਨਾਲ ਮਿਲ ਕੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਨ ਲੱਗ ਜਾਂਦੇ ਹਨ, ਜਿਸ ਮਗਰੋਂ ਫੜੇ ਜਾਣ 'ਤੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਚੰਗੇ ਭਵਿੱਖ ਲਈ 2022 ਵਿੱਚ ਕੈਨੇਡਾ ਆਏ ਇੱਕ 27 ਸਾਲਾ ਪੰਜਾਬੀ ਵਿਦਿਆਰਥੀ ਜਤਿੰਦਰਪਾਲ ਸਿੰਘ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਤਿੰਦਰਪਾਲ ਸਿੰਘ (27 ਸਾਲ) ਨੇ ਫੈਂਟਾਨਿਲ, ਮੈਥਾਮਫੈਟਾਮਿਨ ਅਤੇ ਕੋਕੀਨ ਦੀ ਤਸਕਰੀ ਅਤੇ ਗੈਰਕਾਨੂੰਨੀ ਪੈਸਾ ਰੱਖਣ ਦੇ ਦੋਸ਼ ਕਬੂਲੇ ਹਨ। ਜਾਣਕਾਰੀ ਅਨੁਸਾਰ ਉਹ ਜਦੋਂ ਪੈਸੇ ਦੀ ਤੰਗੀ ਨਾਲ ਜੂਝਣ ਲੱਗਾ ਤਾਂ ਸਸਕਾਟੂਨ ਦੇ ਡਰੱਗ ਨੈੱਟਵਰਕ ਵਿੱਚ ਫਸ ਗਿਆ।

ਜਤਿੰਦਰਪਾਲ ਸਿੰਘ 2022 ਵਿੱਚ ਓਂਟਾਰੀਓ ਦੀ ਇੱਕ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਸਟੱਡੀ ਪਰਮਿਟ 'ਤੇ ਕੈਨੇਡਾ ਆਇਆ ਸੀ। ਉਸ ਨੇ ਆਪਣਾ ਪਹਿਲਾ ਸਾਲ ਤਾਂ ਪੂਰਾ ਕਰ ਲਿਆ, ਪਰ ਦੂਜੇ ਸਾਲ ਦੀ ਫੀਸ ਭਰਨ ਵਿੱਚ ਉਹ ਅਸਮਰੱਥ ਰਿਹਾ, ਜਿਸ ਕਾਰਨ ਉਸ ਦਾ ਸਟੱਡੀ ਵੀਜ਼ਾ ਐਕਸਪਾਇਰ ਹੋ ਗਿਆ। ਇਸ ਮਗਰੋਂ ਉਸ ਦੇ ਇਕ ਦੋਸਤ ਦੇ ਦੋਸਤ ਨੇ ਉਸ ਨੂੰ ਜਲਦੀ ਪੈਸਾ ਕਮਾਉਣ ਦਾ ਤਰੀਕਾ ਦੱਸਿਆ ਤੇ ਕਿਹਾ ਕਿ ਉਹ ਇਸ ਕੰਮ 'ਚ ਹਫ਼ਤੇ ਦੇ 10,000 ਤੋਂ 12,000 ਡਾਲਰ ਤੱਕ ਕਮਾ ਸਕਦਾ ਹੈ। ਜੁਲਾਈ 2024 ਵਿੱਚ ਉਸ ਨੂੰ ਸਸਕਾਟੂਨ ਭੇਜ ਦਿੱਤਾ ਗਿਆ, ਜਿੱਥੇ ਉਸ ਨੇ 'ਥ੍ਰਿਫਟਲੌਜ ਹੋਟਲ' ਦੇ ਇੱਕ ਕਮਰੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ

ਸਸਕਾਟੂਨ ਪੁਲਸ ਸਰਵਿਸ ਨੂੰ "ਲੀਓ ਲਾਈਨ" ਨਾਮਕ ਨੈੱਟਵਰਕ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨਿਗਰਾਨੀ ਸ਼ੁਰੂ ਕੀਤੀ। ਪੁਲਸ ਨੇ ਸਿਰਫ ਇੱਕ ਮਹੀਨੇ ਦੇ ਅੰਦਰ ਹੀ 30 ਅਗਸਤ 2024 ਨੂੰ ਜਤਿੰਦਰਪਾਲ ਨੂੰ ਕਾਬੂ ਕਰ ਲਿਆ।ਜਦੋਂ ਪੁਲਸ ਨੇ ਹੋਟਲ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ, ਜਿਨ੍ਹਾਂ 'ਚ 2 ਕਿਲੋਗ੍ਰਾਮ ਤੋਂ ਵੱਧ ਫੈਂਟਾਨਿਲ, ਕਿਲੋਗ੍ਰਾਮ ਤੋਂ ਵੱਧ ਮੈਥਾਮਫੈਟਾਮਿਨ, ਅੱਧਾ ਕਿਲੋਗ੍ਰਾਮ ਕੋਕੀਨ, 77,546 ਡਾਲਰ ਤੋਂ ਵੱਧ ਨਕਦੀ ਬਰਾਮਦ ਹੋਈ। ਜਾਣਕਾਰੀ ਅਨੁਸਾਰ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ 70,000 ਡਾਲਰ ਤੋਂ ਵੱਧ ਸੀ।

ਪ੍ਰੋਵਿੰਸ਼ੀਅਲ ਕੋਰਟ ਦੀ ਜੱਜ ਲੀਜ਼ਾ ਵਾਟਸਨ ਨੇ ਆਪਣੇ ਫੈਸਲੇ ਵਿੱਚ ਸਿੰਘ ਨੂੰ ਸਿਰਫ਼ ਇੱਕ ਛੋਟੇ ਪੱਧਰ ਦਾ ਡੀਲਰ ਮੰਨਣ ਦੀ ਦਲੀਲ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਜਤਿੰਦਰਪਾਲ ਸਿੰਘ ਨੂੰ ਇੱਕ ਉੱਚ-ਪੱਧਰੀ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਇਕ ਵੱਡਾ ਖਿਡਾਰੀ ਦੱਸਿਆ। ਅਦਾਲਤ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਸਕੈਚਵਨ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ 2016 ਵਿੱਚ 92 ਤੋਂ ਵੱਧ ਕੇ 2023 ਵਿੱਚ 416 ਹੋ ਗਈਆਂ ਹਨ, ਜਿਨ੍ਹਾਂ 'ਚ ਜਤਿੰਦਰਪਾਲ ਵਰਗੇ ਨਸ਼ਾ ਤਸਕਰਾਂ ਦਾ ਵੀ ਵੱਡਾ ਹੱਥ ਹੈ।

ਅਦਾਲਤ ਨੇ ਜਤਿੰਦਰਪਾਲ ਨੂੰ 11 ਸਾਲ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ ਤੇ ਜੇਲ੍ਹ ਵਿੱਚ ਬਿਤਾਏ ਸਮੇਂ ਦਾ ਕ੍ਰੈਡਿਟ ਮਿਲਣ ਤੋਂ ਬਾਅਦ ਉਸ ਨੂੰ ਲਗਭਗ 10 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ। ਜੱਜ ਵਾਟਸਨ ਨੇ ਇਹ ਵੀ ਕਿਹਾ ਕਿ ਸਜ਼ਾ ਪੂਰੀ ਹੋਣ 'ਤੇ ਜਤਿੰਦਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਅੰਮ੍ਰਿਤਸਰ ਤੋਂ ਬਰਮਿੰਘਮ ਜਾਂਦੀ Air India ਦੀ ਫਲਾਈਟ 'ਚ ਆ ਗਈ ਖ਼ਰਾਬੀ, ਖੁੱਲ੍ਹ ਗਿਆ RAT

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News