ਅਮਰੀਕਾ 'ਚ ਰਹਿੰਦੇ ਪੰਜਾਬੀ ਨੇ ਕੀਤੇ 4 ਕਤਲ, ਹੱਥੀਂ ਉਜਾੜਿਆ ਘਰ

Wednesday, Jul 03, 2019 - 01:10 PM (IST)

ਅਮਰੀਕਾ 'ਚ ਰਹਿੰਦੇ ਪੰਜਾਬੀ ਨੇ ਕੀਤੇ 4 ਕਤਲ, ਹੱਥੀਂ ਉਜਾੜਿਆ ਘਰ

ਨਿਊਯਾਰਕ, (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਓਹੀਓ ਦੇ ਸ਼ਹਿਰ ਵੈਸਟ ਚੈਸਟਰ 'ਚ ਰਹਿਣ ਵਾਲੇ ਇਕ ਪੰਜਾਬੀ ਵਿਅਕਤੀ ਨੇ ਜਾਇਦਾਦ ਦੇ ਲਾਲਚ 'ਚ ਆਪਣੀ ਪਤਨੀ ਤੇ ਉਸ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੰਜਾਬੀ ਸਿੱਖ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ 'ਚ ਪੁਲਸ ਨੇ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਕ ਅਹਿਮ ਖੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪੰਜਾਬੀ ਮੂਲ ਦੇ ਗੁਰਪ੍ਰੀਤ ਸਿੰਘ (37) ਨੂੰ ਆਪਣੀ ਪਤਨੀ, ਸੱਸ, ਸਹੁਰਾ ਅਤੇ ਆਪਣੀ ਮਾਸੀ ਸੱਸ ਨੂੰ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਲੰਘੇ ਅਪ੍ਰੈਲ ਮਹੀਨੇ ਆਪਣੀ ਪਤਨੀ ਸ਼ਲਿੰਦਰ ਕੌਰ (39), ਸਹੁਰੇ ਹਰਕੀਰਤ ਸਿੰਘ ਪਨਾਗ (59), ਸੱਸ ਪਰਮਜੀਤ ਕੌਰ (62) ਅਤੇ ਮਾਸੀ ਸੱਸ ਅਮਰਜੀਤ ਕੌਰ (58) ਦਾ ਘਰ ਅੰਦਰ ਹੀ ਕਤਲ ਕਰ ਦਿੱਤਾ ਸੀ। 

ਗੁਰਪ੍ਰੀਤ ਸਿੰਘ ਨੇ ਨਾਟਕੀ ਢੰਗ ਨਾਲ ਕਤਲ ਦੀ ਸਭ ਤੋਂ ਪਹਿਲੀ ਜਾਣਕਾਰੀ ਖੁਦ ਹੀ ਫੋਨ ਕਰਕੇ ਸਥਾਨਕ ਪੁਲਸ ਨੂੰ ਦਿੱਤੀ ਸੀ। ਇਸ ਪਰਿਵਾਰਕ ਕਤਲ ਦੀ ਜਾਂਚ ਕਰ ਰਹੇ ਪੁਲਸ ਅਫਸਰਾਂ ਨੇ ਗੁਰਪ੍ਰੀਤ ਨੂੰ ਹਿਰਾਸਤ 'ਚ ਲਿਆ ਅਤੇ ਇਸ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਇਸ ਨੂੰ ਇੱਕ 'ਵਹਿਸ਼ੀਆਨਾ ਜ਼ੁਲਮ' ਦੱਸਿਆ। ਪੁਲਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਇਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਦੇ ਦੋਸ਼ ਹੇਠ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।
 

ਜਾਇਦਾਦ ਬਣੀ ਮੌਤ ਦਾ ਕਾਰਨ—
ਕਤਲ ਦਾ ਮੁੱਖ ਕਾਰਨ ਸ਼ਲਿੰਦਰ ਕੌਰ ਦੇ ਮਾਪਿਆਂ ਦੀ ਜਾਇਦਾਦ ਸੀ ਕਿਉਂਕਿ ਉਹ ਉਨ੍ਹਾਂ ਦੀ ਇਕਲੌਤੀ ਧੀ ਸੀ। ਸ਼ਲਿੰਦਰ ਕੌਰ ਦੇ ਮਾਪਿਆਂ ਦਾ ਪਿੰਡ ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ ਪਿੰਡ ਮਹੱਦੀਆਂ ਹੈ। ਇਸ ਪਰਿਵਾਰ ਕੋਲ ਮਹੱਦੀਆਂ ਪਿੰਡ ਵਿੱਚ ਕਾਫੀ ਜ਼ਮੀਨ ਸਮੇਤ ਹੋਰ ਵੀ ਕਾਫੀ ਜ਼ਾਇਦਾਦ ਸੀ, ਜਿਸ ਦੀ ਇਕਲੌਤੀ ਵਾਰਸ ਸ਼ਲਿੰਦਰ ਕੌਰ ਸੀ। ਦੋਸ਼ੀ ਗੁਰਪ੍ਰੀਤ ਸਿੰਘ ਦਾ ਪਿੰਡ ਮਾਨੂਪੁਰ ਗੋਸਲਾਂ ਹੈ। ਅਮਰੀਕਾ ਰਹਿੰਦੀ ਸ਼ਲਿੰਦਰ ਕੌਰ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਤੇ ਉਹ ਵੀ ਅਮਰੀਕਾ ਆ ਗਿਆ ਸੀ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਬਾਪ ਹੈ। ਉਸ ਦੀਆਂ ਦੋ ਧੀਆਂ 11 ਅਤੇ 9 ਸਾਲ ਦੀਆਂ ਹਨ ਅਤੇ ਇਕ 5 ਸਾਲ ਦਾ ਪੁੱਤਰ ਵੀ ਹੈ।


Related News