ਇਟਲੀ ''ਚ ਤੀਆਂ ਦੇ ਮੇਲੇ ਮੌਕੇ ਪੰਜਾਬਣਾਂ ਨੇ ਲਾਈਆਂ ਖੂਬ ਰੌਣਕਾਂ
Tuesday, Aug 01, 2023 - 04:27 PM (IST)
ਮਿਲਾਨ (ਸਾਬੀ ਚੀਨੀਆ)- ਪੰਜਾਬੀ ਸੱਭਿਆਚਾਰ ਵਿੱਚ ਤੀਆਂ ਦੇ ਤਿਉਹਾਰ ਦੀ ਖਾਸ ਮਹੱਤਤਾ ਹੈ। ਪੰਜਾਬੀ ਮੁਟਿਆਰਾਂ ਤੀਆਂ ਦਾ ਤਿਉਹਾਰ ਬਹੁਤ ਜੋਸ਼ ਨਾਲ ਮਨਾਉਂਦੀਆਂ ਹਨ। ਵਿਦੇਸ਼ਾਂ ਵਿੱਚ ਵੀ ਪੰਜਾਬਣਾਂ ਵਿੱਚ ਤੀਆਂ ਦੇ ਮੇਲਿਆਂ ਨੂੰ ਲੈ ਕੇ ਵੱਖਰਾ ਹੀ ਉਤਸ਼ਾਹ ਪਾਇਆ ਜਾਂਦਾ ਹੈ।
ਇਸੇ ਤਰ੍ਹਾਂ ਬੀਤੇ ਦਿਨੀਂ ਇਟਲੀ ਦੇ ਰਸਾਈ ਇੰਡੀਅਨ ਰੈਂਸਟੋਰੈਂਟ ਤੋਰਪੀਨਾਤਾਰਾ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿੱਚ ਸੋਹਣੇ ਪੰਜਾਬੀ ਪਹਿਰਾਵੇ 'ਚ ਸਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਨਾਲ ਤੀਆਂ ਦੇ ਮੇਲੇ 'ਤੇ ਖੂਬ ਰੌਣਕਾਂ ਲਾਈਆਂ। ਵੱਖ-ਵੱਖ ਪੰਜਾਬੀ ਗੀਤਾਂ 'ਤੇ ਮੁਟਿਆਰਾਂ ਨੇ ਨੱਚ-ਨੱਚ ਮੇਲੇ ਦਾ ਖੂਬ ਆਨੰਦ ਮਾਣਿਆ। ਕਈਆਂ ਮੁਟਿਆਰਾਂ ਨੇ ਪੰਜਾਬੀ ਸਭਿੱਆਚਾਰ ਦੇ ਪ੍ਰਮੁੱਖ ਅੰਗ ਗਿੱਧੇ ਦੀ ਵਿਲੱਖਣ ਪੇਸ਼ਕਾਰੀ ਕੀਤੀ। ਪ੍ਰਬੰਧਕਾਂ ਨੇ ਮੇਲੇ ਨੂੰ ਸਫਲ ਕਰਨ ਲਈ ਪੁੱਜੀਆਂ ਸਾਰੀਆਂ ਮੁਟਿਆਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਉਪਰਾਲੇ ਕਰਨ ਵਿੱਚ ਸਹਿਯੋਗ ਕਰਦੇ ਰਹਿਣਾ ਚਾਹੀਦਾ ਹੈ।