ਪੰਜਾਬ ਦੀ ਧੀ ਪਿੰਕੀ ਸਿੰਘ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ

Friday, Jun 17, 2022 - 11:46 AM (IST)

ਪੰਜਾਬ ਦੀ ਧੀ ਪਿੰਕੀ ਸਿੰਘ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਰਾਸ਼ਟਰਮੰਡਲ ਦੇ ਗਵਰਨਰ-ਜਨਰਲ ਮਾਣਯੋਗ ਡੇਵਿਡ ਹਰਲੇ ਏਸੀ ਡੀ.ਐੱਸ.ਸੀ. (ਸੇਵਾਮੁਕਤ) ਨੇ ਮਹਾਰਾਣੀ ਦੇ ਜਨਮ ਦਿਨ ਸਾਲ 2022 ਦੇ ਸਨਮਾਨਾਂ ਵਿੱਚ 992 ਆਸਟ੍ਰੇਲੀਅਨਾਂ ਨੂੰ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ 669 ਜਨਰਲ ਡਿਵੀਜ਼ਨ ਆਫ਼ ਦਿ ਆਰਡਰ ਆਫ਼ ਆਸਟ੍ਰੇਲੀਆ ਵਿੱਚ ਸ਼ਾਮਲ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀਆਂ ਪ੍ਰਾਪਤੀਆਂ ਵੱਖ-ਵੱਖ ਖੇਤਰਾਂ ਵਿੱਚੋਂ ਹਨ; ਜਿਵੇਂ ਕਿ ਕਮਿਊਨਿਟੀ ਸੇਵਾ, ਵਿਗਿਆਨ ਅਤੇ ਖੋਜ, ਉਦਯੋਗ, ਖੇਡ, ਕਲਾ, ਨਿਰਸਵਾਰਥ ਸੇਵਾ, ਉੱਤਮਤਾ ਅਤੇ ਸੇਵਾ ਪ੍ਰਤੀ ਵਚਨਬੱਧਤਾ ਸ਼ਾਮਲ ਹੈ।

ਇਹ ਵੀ ਪੜ੍ਹੋ: ਤਾਲਿਬਾਨ ਰਾਜ 'ਚ ਮਸ਼ਹੂਰ TV ਐਂਕਰ ਸੜਕ 'ਤੇ ਪਕੌੜੇ ਵੇਚਣ ਲਈ ਮਜਬੂਰ, ਤਸਵੀਰਾਂ ਵਾਇਰਲ

ਸਨਮਾਨ ਪ੍ਰਾਪਤ ਕਰਨ ਵਾਲੀਆ ਮਾਣਮੱਤੀਆ ਸ਼ਖ਼ਸੀਅਤਾਂ ਵੱਖੋ-ਵੱਖਰੇ ਪਿਛੋਕੜਾਂ ਤੋਂ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਵੀ ਵਿਲੱਖਣ ਹਨ ਅਤੇ ਹਰ ਇਕ ਨੇ ਵੱਖ-ਵੱਖ ਸੇਵਾਵਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ ਅਤੇ ਆਪਣੇ ਭਾਈਚਾਰੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗਵਰਨਰ-ਜਨਰਲ ਹਿਜ਼ ਐਕਸਲੈਂਸੀ ਜਨਰਲ ਮਾਣਯੋਗ ਡੇਵਿਡ ਹਰਲੇ ਏਸੀ ਡੀ.ਐੱਸ.ਸੀ (ਸੇਵਾਮੁਕਤ) ਨੇ ਕਿਹਾ, 'ਸਾਰੇ ਆਸਟ੍ਰੇਲੀਅਨਾਂ ਦੀ ਤਰਫ਼ੋਂ, ਮੈਂ ਆਨਰਜ਼ ਸੂਚੀ ਵਿੱਚ ਸ਼ਾਮਲ ਆਸਟ੍ਰੇਲੀਅਨਾਂ ਨੂੰ ਵਧਾਈ ਦਿੰਦਾ ਹਾਂ। ਮਹਾਰਾਣੀ ਦੇ ਜਨਮ ਦਿਨ 2022 ਦੀ ਦਿੱਤੀ ਗਈ ਸਨਮਾਨ ਸੂਚੀ ਵਿੱਚ 13 ਭਾਰਤੀ-ਆਸਟ੍ਰੇਲੀਅਨ ਨੂੰ ਵੀ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ।

PunjabKesari

ਪੰਜਾਬ ਦੀ ਧੀ ਗੁਰਪ੍ਰੀਤ ਪਿੰਕੀ ਸਿੰਘ, ਜੋ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ (PWAA) ਦੇ ਪ੍ਰਧਾਨ ਹਨ, ਨੂੰ ਵੀ ਇਹ ਸਨਮਾਨ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਪਿੰਕੀ ਸਿੰਘ ਕੁਈਨਜ਼ਲੈਂਡ ਸੂਬੇ, ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਵਲੋਂ ਸਮਾਜ ਭਲਾਈ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਹ ਲਿਬਰਲ ਨੈਸ਼ਨਲ ਪਾਰਟੀ (LNP) ਲਈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਪਾਲਿਸੀ ਦੇ ਚੇਅਰ ਵੀ ਹਨ ਅਤੇ ਬ੍ਰਿਸਬੇਨ ਦੀ ਮੈਕਕੋਨੇਲ ਸੀਟ ਤੋਂ 2020 ਦੀਆਂ ਸੂਬਾਈ ਪਾਰਲੀਮੈਂਟ ਚੋਣਾਂ ਦੇ ਉਮੀਦਵਾਰ ਵੀ ਸਨ। ਸ੍ਰੀਮਤੀ ਪਿੰਕੀ ਸਿੰਘ ਲੰਬੇ ਸਮੇਂ ਤੋਂ ਆਪਣੇ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਸਮਾਜ ਸੇਵੀ ਅਤੇ ਸਿਆਸੀ ਕਾਰਜਾਂ ਲਈ ਸਰਗਰਮ ਆਗੂ ਵਜੋਂ ਸੇਵਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਪੈਟਰੋਲ ਲਈ ਲੱਗੀਆਂ ਲੰਮੀਆਂ ਕਤਾਰਾਂ, ਰਾਤ ਭਰ ਵਾਰੀ ਦਾ ਇਤਜ਼ਾਰ ਕਰ ਰਹੇ ਆਟੋ ਚਾਲਕ ਦੀ ਮੌਤ

ਵਿਦੇਸ਼ੀ ਧਰਤੀ ‘ਤੇ ਔਰਤਾਂ ਦੇ ਹੱਕਾਂ ਅਤੇ ਸਮਾਜ ਭਲਾਈ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਵਜੋਂ ਪਿੰਕੀ ਸਿੰਘ ਨੇ ਘਰੇਲੂ ਹਿੰਸਾਂ ਤੋਂ ਪੀੜਤ ਔਰਤਾਂ, ਕੋਵਿਡ-19 ਦੇ ਭਿਆਨਕ ਸਮੇਂ ਵਿੱਚ ਵਿਦਿਆਰਥੀਆਂ ਅਤੇ ਹੋਰ ਲੋੜਵੰਦਾਂ ਦੀ ਨਿਰੰਤਰ ਮਦਦ ਕੀਤੀ ਸੀ। ਇਥੇ ਜ਼ਿਕਰਯੋਗ ਹੈ ਕਿ ਮਰਹੂਮ ਮਨਮੀਤ ਅਲੀਸ਼ੇਰ ਦੇ ਕਤਲ ਕੇਸ ‘ਚ ਵੀ ਪਿੰਕੀ ਸਿੰਘ ਨੇ ਪੀੜਤ ਪਰਿਵਾਰ ਨਾਲ ਮਿਲਕੇ ਕੇ ਇਨਸਾਫ਼ ਲਈ ਅਵਾਜ਼ ਬੁਲੰਦ ਕੀਤੀ ਸੀ। ਸ੍ਰੀਮਤੀ ਪਿੰਕੀ ਸਿੰਘ ਦਾ ਪਿਛੋਕੜ ਪੰਜਾਬ ਦੇ ਪਿੰਡ ਹਿਰਦਾਪੁਰ ਜ਼ਿਲ੍ਹਾ ਰੂਪਨਗਰ (ਰੋਪੜ) ਪੰਜਾਬ ਤੋਂ ਹੈ। ਪਿੰਕੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮੈਨੂੰ ਕਮਿਊਨਿਟੀ ਵਿੱਚ ਮੇਰੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਮੈਂ ਲਗਭਗ 24 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਹਾਂ ਅਤੇ ਇਸ ਦੇਸ਼ ਨੇ ਮੈਨੂੰ ਦਿੱਤੇ ਸਾਰੇ ਮੌਕਿਆਂ ਲਈ ਬਹੁਤ ਧੰਨਵਾਦੀ ਹਾਂ।  

ਇਹ ਵੀ ਪੜ੍ਹੋ: ਕੋਰੋਨਾ ਲਹਿਰ ਵਿਚਕਾਰ ਉੱਤਰੀ ਕੋਰੀਆ 'ਚ ਫੈਲੀ ਨਵੀਂ ਬੀਮਾਰੀ, ਪੀੜਤ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਕਿਮ ਜੋਂਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News