ਪੰਜਾਬ ਦੀ ਧੀ ਇਟਲੀ 'ਚ ਬਣੀ ਪੁਲਸ ਅਫ਼ਸਰ

Monday, Jul 26, 2021 - 10:07 AM (IST)

ਪੰਜਾਬ ਦੀ ਧੀ ਇਟਲੀ 'ਚ ਬਣੀ ਪੁਲਸ ਅਫ਼ਸਰ

ਰੋਮ/ਇਟਲੀ (ਕੈਂਥ)- ਪੰਜਾਬ ਦੀਆਂ ਧੀਆਂ ਸਖ਼ਤ ਮਿਹਨਤ ਤੇ ਫ਼ੌਲਾਦੀ ਇਰਾਦਿਆਂ ਨਾਲ ਹਰ ਖੇਤਰ 'ਚ ਦੁਨੀਆ ਭਰ ਵਿਚ ਵਿਲੱਖਣ ਇਤਿਹਾਸ ਸਿਰਜ ਰਹੀਆਂ ਹਨ। ਅਜਿਹੀਆਂ ਧੀਆਂ ਵਿਚੋਂ ਹੀ ਇਕ ਹੈ ਇਟਲੀ ਦੀ ਪੰਜਾਬਣ ਸਤਿੰਦਰ ਕੌਰ ਸੋਨੀਆ, ਜਿਸ ਨੇ ਇਟਲੀ ਵਿਚ ਸਥਾਨਕ ਪੁਲਸ (ਪੋਲੀਸੀਆ ਲੋਕਾਲੇ) ਵਿਚ ਨੌਕਰੀ ਪ੍ਰਾਪਤ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ: ਮਾਸਕ ਪਾਉਣ ’ਚ ਢਿੱਲ ਦੇਣਾ ਅਮਰੀਕਾ ਨੂੰ ਪਿਆ ਮਹਿੰਗਾ, ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਹੋ ਰਿਹੈ ਕੋਰੋਨਾ

ਵੇਨਿਸ ਨੇੜੇ ਪੈਂਦੇ ਸ਼ਹਿਰ ਪੋਰਦੀਨੋਨੇ ਦੀ ਵਸਨੀਕ ਸਤਿੰਦਰ ਕੌਰ ਸੋਨੀਆ ਨੇ ਆਪਣੀ ਲਗਨ ਤੇ ਸਖ਼ਤ ਮਿਹਨਤ ਸਦਕਾ ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਇਟਲੀ ਪੁਲਸ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਸਤਿੰਦਰ ਕੌਰ ਸੋਨੀਆ ਨੇ ਦੱਸਿਆ ਕਿ ਉਸ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਨਾਲ ਸਬੰਧਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਨ 2017 ਵਿਚ ਉਹ ਇਟਲੀ ਦੇ ਕਰੇਮੋਨਾ ਦੇ ਸ਼ਹਿਰ ਕਰੇਮਾ ਨਗਰ ਕੌਂਸਲ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਦੂਜੇ ਪਾਸੇ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਸਮੇਤ ਭਾਰਤ ਵਸਦੇ ਪਰਿਵਾਰ ਦੇ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਤਿੰਦਰ ਕੌਰ ਸੋਨੀਆ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਉਤਪਤੀ : ਲੈਬ ਜਾਂਚ ਤੋਂ ਚੀਨ ਦੇ ਇਨਕਾਰ ਤੋਂ ਬਾਅਦ WHO ਨੇ ਮੰਗੀ ਦੁਨੀਆ ਤੋਂ ਮਦਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News