ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਰੀ 'ਚ ਸਨਮਾਨ

Friday, Aug 23, 2024 - 04:30 PM (IST)

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਰੀ 'ਚ ਸਨਮਾਨ

ਵੈਨਕੂਵਰ (ਮਲਕੀਤ ਸਿੰਘ)- ਸਰੀ ਦੇ ਸਕਾਟ ਰੋਡ 'ਤੇ ਸਥਿਤ ਅਲਟੀਮੇਟ ਬੈਕੁਇੰਟ ਹਾਲ ਵਿਚ 'ਫ੍ਰੈਂਡਜ਼ ਆਫ ਕੈਨੇਡਾ-ਇੰਡੀਆ ਫਾਊਂਡੇਸ਼ਨ' ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਦੌਰੇ 'ਤੇ ਆਏ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ਵਿਚ ਵੀਰਵਾਰ  ਸ਼ਾਮ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕਰਵਾਇਆ ਗਿਆ।ਇਸ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤਾਂ ਅਤੇ ਹੋਰਨਾਂ ਪਤਵੰਤਿਆਂ ਨੇ ਸ਼ਿਰਕਤ ਕੀਤੀ।ਸਮਾਗਮ ਦੇ ਸ਼ੁਰੂਆਤੀ ਦੌਰ ਵਿਚ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ,ਸਾਂਸਦ ਰਣਦੀਪ ਸਰਾਏ ਅਤੇ 'ਰੇਡੀਓ ਇੰਡੀਆ' ਦੇ ਸੰਚਾਲਕ ਮਨਿੰਦਰ ਗਿੱਲ ਵੱਲੋਂ ਖੁੱਡੀਆਂ ਨੂੰ 'ਜੀ ਆਇਆਂ'ਕਿਹਾ ਗਿਆ।

ਇਸ ਮਗਰੋਂ ਐਡਵੋਕੇਟ ਲਵਲੀਨ ਸਿੰਘ ਗਿੱਲ, ਬਲਬੀਰ ਸਿੰਘ ਆਦਿ ਬੁਲਾਰਿਆਂ ਵੱਲੋਂ ਉਨ੍ਹਾਂ ਦੀ ਆਮਦ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਕਿ ਆਪਦੇ ਵਿਚਾਰ ਪ੍ਰਗਟ ਕੀਤੇ ਗਏ ਉੱਥੇ ਪੰਜਾਬ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਦੇ  ਢੁੱਕਵੇਂ ਹੱਲ ਦੀ ਵੀ ਮੰਗ ਕੀਤੀ ਗਈ। ਉਕਤ ਬੁਲਾਰਿਆਂ ਵੱਲੋਂ ਐੱਨ.ਆਰ.ਆਈ. ਲੋਕਾਂ ਨੂੰ ਪੰਜਾਬ ਵਿਚ ਪੇਸ਼ ਆਉਂਦੀਆਂ ਦਿੱਕਤਾ ਸਮੇਤ ਫਗਵਾੜਾਂ ਤੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਜਾਂਦੀ ਸੜਕ ਨੂੰ ਵੱਡ ਅਕਾਰੀ ਕਰਨ ਦਾ ਵੀ ਮੁੱਦਾ ਉਠਾਇਆ ਗਿਆ। ਇਸ ਮੌਕੇ ਆਪਣੀ ਸੰਖੇਪ ਤਕਰੀਰ ਵਿਚ ਹਾਜ਼ਰ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ  ਕੈਨੇਡਾ ਸਮੇਤ ਬਾਕੀ ਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਸਖ਼ਤ ਮਿਹਨਤ ਕਰਕੇ ਆਪਣੀ ਅਤੇ ਪੰਜਾਬ ਦੀ ਤਰੱਕੀ ਪਾਏ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ  ਮਾਨ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਬਣਾਉਣ ਲਈ ਨਿਭਾਏ ਵੱਡੇ ਰੋਲ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ; ਮੋਢੇ 'ਤੇ ਹੱਥ ਰੱਖ ਗੱਲ ਕਰਦੇ ਆਏ ਨਜ਼ਰ

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਿ ਪੰਜਾਬ ਦੇ ਲੋਕਾਂ ਲਈ ਕਈ ਸਕੀਮਾਂ ਅਮਲ ਵਿਚ ਲਿਆਂਦੀਆਂ ਗਈਆਂ ਹਨ, ਉੱਥੇ ਬੇਰੁਜ਼ਗਾਰੀ ਘਟਾਉਣ ਦੇ ਉਪਰਾਲੇ ਵਜੋਂ ਹੁਣ ਤੱਕ 43 ਹਜ਼ਾਰ ਨੌਕਰੀਆਂ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਦਿੱਤੀਆਂ ਗਈਆਂ ਹਨ। ਖੁੱਡੀਆਂ ਵੱਲੋ ਵਿਸ਼ਵਾਸ ਦੁਆਇਆ ਗਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਫਗਵਾੜਾ ਮੇਨ ਹਾਈਵੇਅ ਨੂੰ ਵੱਡਾ ਰੂਪ ਦੇਣ ਸਬੰਧੀ ਮੁੱਦਾ ਆਪਣੀ ਸਰਕਾਰ ਦੇ ਧਿਆਨ ਵਿਚ ਲਿਆਉਣਗੇ। ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਗੁਲਜਾਰ ਸਿੰਘ ਚੀਮਾ, ਸੁਮੀਤ ਸਿੰਘ ਖੁੱਡੀਆਂ, ਬਲਵੀਰ ਪੱਡਾ, ਮਨਜੀਤ ਸਿੰਘ ਬਰਮਨ, ਕੁਲਤਰਨ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗੈਰੀ, ਮਨਜੀਤ ਸਿੰਘ, ਬਿੱਟੂ ਅਟਵਾਲ, ਨਿਰਭੈ ਸਿੰਗ ਕੈਂਥ (ਨਿਊ ਵੇਅ ਰੇਲਿੰਗ), ਰਣਜੀਤ ਸਿੰਘ, ਪਾਲਸਿੰਘ ਵੜੈਂਚ, ਕੁਲਵੰਤ ਸਿਘ ਢੇਸੀ, ਅਜਮੇਰ ਸਿੰਘ ਢਿੱਲੋਂ, ਮਾਸਟਰ ਦਵਿੰਦਰ ਸਿੰਗ ਮੂਲਪੂਰ, ਹਰਦੀਪ ਸਿੰਘ ਪਾਹਵਾ, ਬਲਵਿੰਦਰ ਸਿੰਘ ਬਦੇਲਾ, ਕੁਲਵੰਤ ਸਿੰਘ ਢੇਸੀ, ਸੁਰਿੰਦਰ ਸਿੰਗ ਢੇਸੀ ਅਤੇ ਹਰਦੀਪ ਸਿੰਘ ਗਿੱਲ ਵੀ ਹਾਜ਼ਰ ਸਨ।ਸਮਾਗਮ ਦੇ ਅਖੀਰ ਵਿਚ ਉਕਤ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਖੁੱਡੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਦੇਰ ਰਾਤ ਸੰਪੰਨ ਹੋਏ ਇਸ ਸਮਾਗਮ ਦੇ ਅਖੀਰ ਵਿਚ  ਸਮਾਗਮ ਵਿਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਵੱਲੋਂ 'ਅਲਟੀਮੇਟ ਬੈਕੁਇੰਟ ਹਾਲ' ਦੇ ਕਿਚਨ ਵਿਚ ਤਿਆਰ ਕੀਤੇ ਸਵਾਦਲੇ ਪਕਵਾਨਾਂ ਵਾਲੇ ਭੇਜਨ ਦਾ ਵੀ ਆਨੰਦ ਮਾਣਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News