ਬੱਚਿਆਂ ਲਈ ਦਾਲ ਵਾਲੇ ਪਰੌਂਠੇ ਫਾਇਦੇਮੰਦ

Tuesday, Nov 19, 2019 - 08:34 PM (IST)

ਬੱਚਿਆਂ ਲਈ ਦਾਲ ਵਾਲੇ ਪਰੌਂਠੇ ਫਾਇਦੇਮੰਦ

ਸੰਯੁਕਤ ਰਾਸ਼ਟਰ(ਇੰਟ.)— ਸੰਯੁਕਤ ਰਾਸ਼ਟਰ ਦੀ ਜਥੇਬੰਦੀ ਯੂਨੀਸੈਫ ਨੇ ਬੱਚਿਆਂ ਦੀ ਚੰਗੀ ਸਿਹਤ ਲਈ ਖੁਰਾਕ ਵਸਤਾਂ ਦੀ ਇਕ ਕਿਤਾਬ ਪੇਸ਼ ਕੀਤੀ ਹੈ, ਜਿਸ ਦਾ ਨਾਂ ਉਤਪਮ ਤੋਂ ਲੈ ਕੇ ਪੁੰਗਰੀ ਦਾਲ ਦੇ ਪਰੌਂਠੇ ਹੈ। ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ 20 ਰੁਪਏ ਤੋਂ ਘੱਟ ਦੀ ਕੀਮਤ ਵਿਚ ਤਿਆਰ ਹੋ ਜਾਣ ਵਾਲੀਆਂ ਖੁਰਾਕ ਵਸਤਾਂ ਅਤੇ ਪੌਸ਼ਟਿਕ ਭੋਜਨ ਨਾਲ ਬੱਚਿਆਂ ਦੇ ਘੱਟ ਭਾਰ, ਮੋਟਾਪੇ ਅਤੇ ਘੱਟ ਲਹੂ ਵਰਗੇ ਮਸਲਿਆਂ ਨਾਲ ਨਜਿੱਠਿਆ ਜਾ ਸਕਦਾ ਹੈ।

25 ਸਫਿਆਂ ਦੀ ਇਸ ਕਿਤਾਬ ਵਿਚ ਤਾਜ਼ੀਆਂ ਤਿਆਰ ਕੀਤੀਆਂ ਗਈਆਂ ਖੁਰਾਕੀ ਵਸਤਾਂ ਨੂੰ ਤਿਆਰ ਕਰਨ ਦੇ ਢੰਗ-ਤਰੀਕੇ ਅਤੇ ਹਰ ਇਕ ਨੂੰ ਬਣਾਉਣ ਵਿਚ ਆਉਣ ਵਾਲੀ ਲਾਗਤ ਨੂੰ ਸੂਚੀਬੱਧ ਕੀਤਾ ਗਿਆ। ਇਸ ਵਿਚ ਮੋਟਾਪਾ ਪੂਰ ਕਰਨ ਲਈ ਪੁੰਗਰੀ ਦਾਲ ਦੇ ਪਰੌਂਠੇ, ਪੋਹਾ ਅਤੇ ਸਬਜ਼ੀਆਂ ਵਾਲੀ ਉਪਮਾ ਦੀਆਂ ਤਜਵੀਜ਼ਾਂ ਦਿੱਤੀਆਂ ਗਈਆਂ ਹਨ। ਇਸ ਕਿਤਾਬ ਵਿਚ ਦਿੱਤੀਆਂ ਗਈਆਂ ਸਭਨਾਂ ਖੁਰਾਕ ਵਸਤਾਂ ਦੀਆਂ ਕੈਲੋਰੀਆਂ ਦੀ ਮਾਤਰਾ ਤੋਂ ਇਲਾਵਾ ਪ੍ਰੋਟੀਨ, ਕਾਰਬੋਹਾਈਡਰੇਡ ਵਸਾ ਫਾਈਬਰ, ਆਇਰਨ ਵਿਟਾਮਿਨ ਸੀ ਅਤੇ ਕੈਲਸ਼ੀਅਮ ਦੀ ਮਾਤਰਾ ਬਾਰੇ ਤਫਸੀਲੀ ਜਾਣਕਾਰੀ ਦਿੱਤੀ ਗਈ ਹੈ।

ਕੌਮੀ ਪੋਸ਼ਣ ਸਰਵੇਖਣ 'ਤੇ ਆਧਾਰਿਤ ਹੈ ਇਹ ਕਿਤਾਬ
ਇਹ ਪੁਸਤਕ ਸਮੁੱਚੇ ਕੌਮੀ ਪੋਸ਼ਣ ਸਰਵੇਖਣ 2016-18 ਦੇ ਸਿੱਟਿਆਂ 'ਤੇ ਆਧਾਰਿਤ ਹੈ ਜਿਸ ਦੇ ਅਨੁਸਾਰ 5 ਸਾਲਾਂ ਤੋਂ ਘੱਟ ਉਮਰ ਦੇ 35 ਫੀਸਦੀ ਬੱਚੇ ਕਮਜ਼ੋਰ, 17 ਫੀਸਦੀ ਬੱਚੇ ਮੋਟਾਪੇ ਦੇ ਸ਼ਿਕਾਰ ਤੇ 33 ਫੀਸਦੀ ਬੱਚੇ ਆਮ ਨਾਲੋਂ ਘੱਟ ਭਾਰ ਦੇ ਹਨ। ਸਰਵੇਖਣ ਵਿਚ ਇਹ ਵੀ ਦੇਖਿਆ ਗਿਆ ਕਿ 40 ਫੀਸਦੀ ਮੁਟਿਆਰਾਂ ਅਤੇ 18 ਫੀਸਦੀ ਗਭਰੂ ਘੱਟ ਖੂਨ ਤੋਂ ਗ੍ਰਸਤ ਹਨ।

ਅੱਲ੍ਹੜਾਂ ਲਈ ਭਵਿੱਖ 'ਚ ਪ੍ਰਸੰਗਕ ਕੰਮਾਂ ਨਾਲ ਜੁੜਨ ਦਾ ਸਮਾਂ
ਯੂਨੀਸੈਫ ਦੇ ਮੁਖੀ ਹੇਨਰੀਟਾ ਐੱਚ. ਫੋਰ ਨੇ ਕਿਹਾ ਕਿ ਭਾਰਤੀ ਅੱਲ੍ਹੜਾਂ ਲਈ ਭਵਿੱਖ ਵਿਚ ਪ੍ਰਸੰਗਕ ਕੰਮਾਂ ਨਾਲ ਜੁੜਨ ਤੇ ਕੰਮ ਕਰਨ ਦੀ ਆਪਣੀ ਸਮਰਥਾ ਨੂੰ ਭਵਿੱਖ ਮੁਤਾਬਕ ਢਾਲਣ ਦਾ ਸਮਾਂ ਆ ਗਿਆ ਹੈ। ਨੀਤੀ ਆਯੋਗ ਦੇ ਸਹਿਯੋਗ ਨਾਲ ਯੂਨੀਸੈਫ ਨੇ ਹਾਲ ਹੀ ਵਿਚ ਯੁਵਾ ਨਾਂ ਦੀ ਇਕ ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਦਾ ਟੀਚਾ ਨੌਜਵਾਨਾਂ ਨੂੰ ਵੱਖ-ਵੱਖ ਕੰਮਾਂ ਲਈ ਮਾਹਿਰ ਬਣਾ ਕੇ 30 ਕਰੋੜ ਤੋਂ ਵੱਧ ਭਾਰਤੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨਾ ਹੈ।

ਕਿਹੜੀ ਖੁਰਾਕ ਵਸਤੂ ਕਿੰਨੀ ਪੌਸ਼ਟਿਕ
ਯੂਨੀਸੈਫ ਦੀ ਮੁਖੀ ਹੇਨਰੀਟਾ ਨੇ ਦੱਸਿਆ ਕਿ ਇਸ ਕਿਤਾਬ ਦਾ ਮਕਸਦ ਲੋਕਾਂ ਨੂੰ ਇਹ ਦੱਸਣਾ ਹੈ ਕਿ ਕਿਹੜੀ ਖੁਰਾਕੀ ਵਸਤੂ ਕਿੰਨੀ ਪੌਸ਼ਟਿਕ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਜੇਕਰ ਇਲਾਕਾਈ ਜ਼ੁਬਾਨਾਂ ਵਿਚ ਇਸ ਦਾ ਤਰਜਮਾ ਕੀਤਾ ਜਾਵੇ ਤਾਂ ਇਸ ਨੂੰ ਲੋਕਾਂ ਤਕ ਪਹੁੰਚਾਉਣਾ ਆਸਾਨ ਹੋ ਜਾਵੇਗਾ। ਇਸ ਕਿਤਾਬ ਨਾਲ ਮਿਲਣ ਵਾਲੀ ਜ਼ਿਮਨੀ ਕਿਤਾਬ ਵਿਚ ਬੱਚਿਆਂ ਵਿਚ ਘੱਟ ਭਾਰ, ਮੋਟਾਪੇ ਅਤੇ ਖੂਨ ਦੀ ਕਮੀ ਦੇ ਕਾਰਣਾਂ ਅਤੇ ਨਤੀਜਿਆਂ ਬਾਰੇ ਦੱਸਿਆ ਗਿਆ ਹੈ।


author

Baljit Singh

Content Editor

Related News