ਡੋਨਾਲਡ ਟਰੰਪ ਖਿਲਾਫ 'ਮਹਾਦੋਸ਼' ਜਾਂਚ ਦੀ ਜਨਤਕ ਸੁਣਵਾਈ ਸ਼ੁਰੂ
Wednesday, Nov 13, 2019 - 10:56 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਬੁੱਧਵਾਰ ਨੂੰ ਵਾਸ਼ਿੰਗਟਨ 'ਚ ਸ਼ੁਰੂ ਹੋ ਗਈ। ਅਮਰੀਕੀ ਰਾਸ਼ਟਰਪਤੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਪੁੱਤਰ ਖਿਲਾਫ ਜਾਂਚ ਸ਼ੁਰੂ ਕਰਨ ਲਈ ਯੂਕ੍ਰੇਨ 'ਤੇ ਦਬਾਅ ਬਣਾਇਆ। ਅਮਰੀਕੀ ਰਾਸ਼ਟਰਪਤੀ ਇਸ ਦੋਸ਼ ਤੋਂ ਇਨਕਾਰ ਕਰਦੇ ਹਨ। ਉੱਚ ਡਿਪਸੋਮੈਟ ਬਿਲ ਟੇਲਰ ਅਤੇ ਜਾਰਜ ਕੇਂਟ ਹਾਊਸ ਆਫ ਰਿਪ੍ਰੈਜੇਂਟੇਟਿਵਸ ਦੇ ਸੰਸਦ ਮੈਂਬਰਾਂ ਸਾਹਮਣੇ ਪੇਸ਼ ਹੋਏ ਸਭ ਤੋਂ ਪਹਿਲਾਂ ਗਵਾਹਾਂ 'ਚ ਸ਼ਾਮਲ ਹਨ। ਜਾਰਜ ਕੇਂਟ ਅਮਰੀਕਾ ਦੀ ਯੂਕ੍ਰੇਨ ਨੀਤੀ ਦੇ ਪ੍ਰਮੁੱਖ ਹਨ।
ਉਨ੍ਹਾਂ ਨੇ ਡੋਨਾਲਡ ਟਰੰਪ ਦੇ ਵਕੀਲ ਰੂੜੀ ਜੁਲੀਆਨੀ 'ਤੇ ਯੂਕ੍ਰੇਨ 'ਚ ਮੌਜੂਦ ਅਮਰੀਕੀ ਡਿਪਲੋਮੈਟਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਆਖਿਆ ਕਿ ਜੂਲੀਆਨੀ ਦੇ ਹਮਲਿਆਂ ਨੇ ਅਮਰੀਕਾ ਅਤੇ ਯੂਕ੍ਰੇਨ ਦੇ ਰਾਸ਼ਟਰੀ ਹਿੱਤਾਂ ਦੀ ਉਲੰਘਣਾ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਪਹਿਲਾਂ ਹਾਊਸ ਆਫ ਰਿਪ੍ਰੈਜੇਂਟੇਟਿਵ ਦੇ ਚੇਅਰਮੈਨ ਐਡਮ ਸ਼ਿਫ ਨੇ ਆਖਿਆ ਕਿ ਜਾਂਚ ਦਾ ਵਿਸ਼ਾ ਇਹ ਹੈ ਕਿ ਕੀ ਅਮਰੀਕੀ ਰਾਸ਼ਟਰਪਤੀ ਨੇ ਯੂਕ੍ਰੇਨ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਉਸ ਨੂੰ ਅਮਰੀਕੀ ਚੋਣਾਂ 'ਚ ਦਖਲ ਦੇਣ ਦਾ ਸੱਦਾ ਦਿੱਤਾ। ਇਸ ਮਹਾਦੋਸ਼ ਦੇ ਨਤੀਜਿਆਂ ਦੇ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਪਰ ਅਜਿਹਾ ਉਦੋਂ ਹੋਵੇਗਾ, ਜਦ ਹਾਊਸ ਆਫ ਰਿਪ੍ਰੈਜੇਂਟੇਟਿਵਸ ਉਨ੍ਹਾਂ 'ਤੇ ਮਹਾਦੋਸ਼ ਲਗਾਵੇ ਅਤੇ ਸੈਨੇਟ ਉਸ ਨੂੰ ਮਨਜ਼ੂਰੀ ਦੇਵੇ। ਅਮਰੀਕਾ ਦੇ ਇਤਿਹਾਸ 'ਚ ਚੌਥੀ ਵਾਰ ਮਹਾਦੋਸ਼ ਦੀ ਸੁਣਵਾਈ ਹੋ ਰਹੀ ਹੈ। ਤੀਜੀ ਵਾਰ ਇਸ ਦੀ ਕਾਰਵਾਈ ਨੂੰ ਟੀ. ਵੀ. 'ਤੇ ਦਿਖਾਇਆ ਜਾ ਰਿਹਾ ਹੈ।