ਕੈਨੇਡਾ ’ਚ ਵਿਰੋਧ ਪ੍ਰਦਰਸ਼ਨ ਨੂੰ ਪਈ ਠੱਲ੍ਹ, ਪਰ ਰਾਜਨੀਤੀ ਨੂੰ ਕਰ ਸਕਦੈ ਪ੍ਰਭਾਵਿਤ
Sunday, Feb 20, 2022 - 04:20 PM (IST)
ਟੋਰਾਂਟੋ (ਭਾਸ਼ਾ) : ਕੈਨੇਡਾ ਵਿਚ ਸੰਸਦ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਹੁਣ ਸਥਿਤੀ ਕੰਟਰੋਲ ਵਿਚ ਹੈ। ਓਟਾਵਾ ਵਿਚ ਜੁਟੇ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਕਰਮੀਆਂ ਨੇ ਖਦੇੜ ਦਿੱਤਾ ਹੈ ਅਤੇ ਟਰੱਕਾਂ ਦੇ ਲਗਾਤਾਰ ਵਜ ਰਹੇ ਹੋਰਨ ਹੁਣ ਸ਼ਾਂਤ ਹੋ ਚੁੱਕੇ ਹਨ। ਇਸ ਵਿਰੋਧ ਪ੍ਰਦਰਸ਼ਨਾਂ ਕਾਰਨ ਅਮਰੀਕਾ-ਕੈਨੇਡਾ ਸਰਹੱਦ ਦੀਆਂ ਕੁੱਝ ਚੌਕੀਆਂ ਸਮੇਤ ਰਾਜਧਾਨੀ ਦੇ ਮੁੱਖ ਹਿੱਸਿਆਂ ਨੂੰ ਵੀ ਹਫ਼ਤਿਆਂ ਤੱਕ ਬੰਦ ਕਰਨਾ ਪਿਆ ਸੀ।
ਪਹਿਲਾਂ ਇਹ ਵਿਰੋਧ ਪ੍ਰਦਰਸ਼ਨ ਸਰਹੱਦ ਪਾਰ ਦੇ ਟਰੱਕ ਚਾਲਕਾਂ ਲਈ ਜ਼ਰੂਰੀ ਟੀਕਾਕਰਨ ਦੇ ਹੁਕਮ ਦੇ ਖ਼ਿਲਾਫ਼ ਸੀ ਪਰ ਬਾਅਦ ਵਿਚ ਇਹ ਕੋਵਿਡ ਪਾਬੰਦੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਦੇ ਵਿਰੋਧ ’ਤੇ ਕੇਂਦਰਿਤ ਹੋ ਗਿਆ। ਸੰਸਦ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਪੁਲਸ ਦੇ ਕੰਟਰੋਲ ਦੇ ਬਾਅਦ ਹੈਮਿਲਟਨ ਵਿਚ ਓਨਟਾਰੀਓ ਦੇ 33 ਸਾਲਾ ਇਕ ਪ੍ਰਦਰਸ਼ਨਕਾਰੀ ਮਾਰਕ ਸੂਟਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਕੁੱਝ ਸ਼ੁਰੂ ਕੀਤਾ ਹੈ।’
ਉਨ੍ਹਾਂ ਦਾ ਮੰਨਣਾ ਹੈ ਕਿ ਵਿਰੋਧ ਪ੍ਰਦਰਸ਼ਨ ਦੇਸ਼ ਨੂੰ ਵੰਡੇਗਾ। ਉਨ੍ਹਾਂ ਕਿਹਾ, ‘ਇਹ ਸਾਡੇ ਦੇਸ਼ ਵਿਚ ਇਕ ਬਹੁਤ ਵੱਡੀ ਵੰਡ ਦਾ ਕਾਰਨ ਬਣਨ ਜਾ ਰਿਹਾ ਹੈ, ਮੈਨੂੰ ਨਹੀਂ ਲੱਗਦਾ ਹੈ ਕਿ ਇਹ ਅੰਤ ਹੈ।’ ਇਸ ਦੌਰਾਨ ਜ਼ਿਆਦਾਤਰ ਵਿਸ਼ਲੇਸ਼ਕਾਂ ਨੂੰ ਸ਼ੱਕ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਕੈਨੇਡਾ ਦੀ ਰਾਜਨੀਤੀ ’ਤੇ ਕੋਈ ਇਤਿਹਾਸਕ ਅਸਰ ਛੱਡੇਗਾ ਪਰ ਇਸ ਨੇ ਕੈਨੇਡਾ ਦੀਆਂ ਦੋ ਵੱਡੀਆਂ ਪਾਰਟੀਆਂ ਨੂੰ ਝਟਕਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦੇ ਅੰਤਿਮ ਵੱਡੇ ਕੇਂਦਰ ਓਟਾਵਾ ਵਿਚ ਸ਼ਨੀਵਾਰ ਸ਼ਾਮ ਤੱਕ ਵਿਰੋਧ ਖ਼ਤਮ ਹੁੰਦਾ ਦਿਖਿਆ ਪਰ ਕੁੱਝ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਉਹ ਫਿਰ ਤੋਂ ਸਮੂਹ ਬਣਾਉਣ ਨਾਲ ਜੁਟੇ ਹਨ।