ਈਰਾਨ ''ਚ ਹਿਜਾਬ ਵਿਰੋਧੀਆਂ ਨੇ ਸਰਵਉੱਚ ਧਾਰਮਿਕ ਨੇਤਾ ਖੁਮੈਨੀ ਦੇ ਘਰ ਨੂੰ ਲਾਈ ਅੱਗ
Saturday, Nov 19, 2022 - 04:32 PM (IST)
ਤਹਿਰਾਨ (ਏ. ਐੱਨ. ਆਈ.)– ਹਿਜਾਬ ਕਾਨੂੰਨ ਮੁਤਾਬਕ ਸਲੀਕੇ ਨਾਲ ਹਿਜਾਬ ਨਾ ਪਹਿਨਣ ’ਤੇ ਮਹਿਸਾ ਅਮੀਨੀ ਦੀ ਹਿਰਾਸਤ ਵਿਚ ਕੁੱਟਮਾਰ ਨਾਲ ਮੌਤ ਤੋਂ ਬਾਅਦ ਹਿੰਸਕ ਹੋਏ ਅੰਦੋਲਨ ਦੀ ਅੱਗ ਹੁਣ ਈਰਾਨ ਦੇ ਸਵ. ਸਰਵਉੱਚ ਧਾਰਮਿਕ ਨੇਤਾ ਅਤੇ ਇਸਲਾਮਿਕ ਗਣਰਾਜ ਦੇ ਸੰਸਥਾਪਕ ਅਯਾਤੁੱਲਾ ਰੂਹੋਲਾਹ ਖੁਮੈਨੀ ਦੇ ਘਰ ਤੱਕ ਪੁੱਜ ਗਈ ਹੈ। ਹਿਜਾਬ ਕਾਨੂੰਨ ਵਿਰੋਧੀ ਅੰਦੋਲਨ ਹੁਣ ਤੀਜੇ ਮਹੀਨੇ ਵਿਚ ਦਾਖਲ ਹੋ ਚੁੱਕਾ ਹੈ। ਅੰਦੋਲਨ ਨੂੰ ਦਬਾਉਣ ਲਈ ਸੁਰੱਖਿਆ ਫੋਰਸਾਂ ਦੀ ਕਾਰਵਾਈ ਵਿਚ ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਅੰਦੋਲਨਕਾਰੀ ਨੂੰ ਫਾਂਸੀ ਵੀ ਦੇ ਦਿੱਤੀ ਗਈ ਹੈ।
ਇਸ ਤੋਂ ਭੜਕੇ ਅੰਦੋਲਨਕਾਰੀਆਂ ਨੇ ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਅਯਾਤੁੱਲਾ ਖੁਮੈਨੀ ਦੇ ਖੁਮੈਨ ਸਥਿਤ ਘਰ ਨੂੰ ਪੈਟਰੋਲ ਬੰਬ ਸੁੱਟ ਕੇ ਅੱਗ ਦੇ ਹਵਾਲੇ ਕਰ ਦਿੱਤਾ। ਨਾਲ ਹੀ ਈਰਾਨ ਸਰਕਾਰ ਸਮੇਤ ਖੁਮੈਨੀ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ। ਅਰਸਾ ਪਹਿਲਾਂ ਖੁਮੈਨ ਸਥਿਤ ਘਰ ਨੂੰ ਖੁਮੈਨੀ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਭੜਕਿਆ ਧਰਨਾ-ਪ੍ਰਦਰਸ਼ਨ ਤਹਿਰਾਨ ਵਿਚ ਕੀਤਾ ਗਿਆ, ਜਿਸ ਦੇ ਪਿੱਛੇ ਮਿਊਜ਼ੀਅਮ ਦੇ ਕਈ ਹਿੱਸਿਆਂ ਵਿਚ ਅੱਗ ਦੀਆਂ ਲਪਟਾਂ ਵੀ ਦੇਖੀਆਂ ਜਾ ਸਕਦੀਆਂ ਹਨ।
ਵਾਇਰਲ ਵੀਡੀਓ ਵਿਚ ਅੰਦੋਲਨਕਾਰੀ ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਖਿਲਾਫ ਨਾਅਰੇਬਾਜ਼ੀ ਕਰਦੇ ਦੇਖੇ ਜਾ ਸਕਦੇ ਹਨ, ਜਿਸ ਵਿਚ ਕਿਹਾ ਜਾ ਰਿਹਾ ਹੈ ‘ਇਹ ਸਾਲ ਖੂਨ ਦਾ ਸਾਲ ਹੈ, ਸਰਵਉੱਚ ਧਾਰਮਿਕ ਨੇਤਾ (ਅਲੀ ਖਾਮਨੇਈ ਜੋ ਮੌਜੂਦਾ ਵਿਚ ਦੇਸ਼ ਦੇ ਸਰਵਉੱਚ ਨੇਤਾ ਹਨ) ਦਾ ਵੀ ਪਤਨ ਹੋਵੇਗਾ। ਈਰਾਨ ਵਿਚ ਹਿਜਾਬ ਕਾਨੂੰਨ ਵਿਰੋਧੀ ਅੰਦੋਲਨ ਦੀ ਹਮਾਇਤ ਵਿਚ ਕਈ ਦੇਸ਼ਾਂ ਵਿਚ ਵੀ ਪ੍ਰਤੀਕਾਤਮਕ ਅੰਦੋਲਨ ਹੋਏ ਹਨ। ਲੜਕੀਆਂ ਅਤੇ ਔਰਤਾਂ ਨੇ ਆਪਣੇ ਵਾਲ ਕੱਟਦੇ ਹੋਏ ਵੀਡੀਓ ਪੋਸਟ ਕਰ ਕੇ ਈਰਾਨੀ ਅੰਦੋਲਨਕਾਰੀਆਂ ਨੂੰ ਆਪਣੀ ਹਮਾਇਤ ਦਿੱਤੀ ਹੈ।