ਨਸਲੀ ਭੇਦਭਾਵ ਵਿਰੁੱਧ ਪ੍ਰਦਰਸ਼ਨਕਾਰੀਆਂ ਦਾ ਗੁੱਸਾ, ਕਨਫੈਡਰੇਟ ਫੌਜੀ ਦੀ ਮੂਰਤੀ ਨੂੰ ਖੰਭੇ ''ਤੇ ਟੰਗਿਆ
Saturday, Jun 20, 2020 - 12:56 PM (IST)

ਰੇਲੀਗ- ਉੱਤਰੀ ਕੈਰੋਲੀਨਾ ਦੀ ਰਾਜਧਾਨੀ ਵਿਚ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਰਾਤ ਇਕ ਕਨਫੈਡਰੇਟ ਸਮਾਰਕ ਤੋਂ ਇਕ ਮੂਰਤੀ ਉਤਾਰ ਕੇ ਉਸ ਨੂੰ ਬਿਜਲੀ ਦੇ ਖੰਭੇ ਨਾਲ ਲਟਕਾ ਦਿੱਤਾ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਰੇਲੀਗ ਵਿਚ ਕਨਫੈਡਰੇਟ ਸਮਾਰਕ ਤੋਂ ਦੋ ਕਨਫੈਡਰੇਟ ਫੌਜੀਆਂ ਦੀਆਂ ਮੂਰਤੀਆਂ ਸੁੱਟ ਦਿੱਤੀਆਂ।
ਅਮਰੀਕਾ ਵਿਚ 18ਵੀਂ ਸਦੀ ਵਿਚ ਉੱਤਰੀ ਅਤੇ ਦੱਖਣੀ ਸੂਬਿਆਂ ਵਿਚਕਾਰ ਗ੍ਰਹਿਯੁੱਧ ਹੋਇਆ ਸੀ। ਦੱਖਣੀ ਸੂਬੇ ਨੂੰ ਉਸ ਸਮੇਂ 'ਕਨਫੈਡਰੇਟ ਸਟੇਟ ਆਫ ਅਮਰੀਕਾ' ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਹ ਚਾਹੁੰਦੇ ਸਨ ਕਿ ਦੱਖਣੀ ਸੂਬਿਆਂ ਵਿਚ ਨਸਲ ਭੇਦ ਬਰਕਰਾਰ ਰਹੇ ਜਦਕਿ ਉੱਤਰੀ ਸੂਬੇ ਇਨ੍ਹਾਂ ਸੂਬਿਆਂ ਨੂੰ ਦਾਸ ਪ੍ਰਥਾ ਤੋਂ ਮੁਕਤੀ ਦਿਲਾਉਣ ਲਈ ਕੋਸ਼ਿਸ਼ਾਂ ਕਰ ਰਹੇ ਸਨ।
ਹਾਲ ਹੀ ਵਿਚ ਗੋਰੇ ਅਧਿਕਾਰੀ ਹੱਥੋਂ ਗੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਨਸਲਭੇਦ ਦਾ ਮੁੱਦਾ ਫਿਰ ਸੁਰਖੀਆਂ ਵਿਚ ਹੈ ਅਤੇ ਅਜਿਹੇ ਵਿਚ ਲੋਕ ਨਸਲੀ ਭੇਦਭਾਵ ਕਰਨ ਵਾਲਿਆਂ ਦੀਆਂ ਮੂਰਤੀਆਂ ਖਿਲਾਫ ਗੁੱਸਾ ਕੱਢ ਰਹੇ ਹਨ। ਪੁਲਸ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਰੱਸੀਆਂ ਨਾਲ ਇਨ੍ਹਾਂ ਮੂਰਤੀਆਂ ਨੂੰ ਸੁੱਟਣ ਦੀਆਂ ਪ੍ਰਦਰਸ਼ਨਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਸੀ। ਅਧਿਕਾਰੀ ਜਦ ਇਲਾਕੇ ਤੋਂ ਚਲੇ ਗਏ ਤਦ ਪ੍ਰਦਰਸ਼ਨਕਾਰੀ ਸਮਾਰਕ ਸਤੰਭ 'ਤੇ ਚੜ੍ਹ ਗਏ ਅਤੇ ਇਨ੍ਹਾਂ ਮੂਰਤੀਆਂ ਨੂੰ ਸੁੱਟ ਦਿੱਤਾ ਸੀ।
ਮੀਡੀਆ ਮੁਤਾਬਕ ਪ੍ਰਦਰਸ਼ਨਕਾਰੀ ਦੋ ਮੂਰਤੀਆਂ ਨੂੰ ਘੜੀਸ ਕੇ ਸੜਕ ਤੱਕ ਲੈ ਗਏ ਤੇ ਇੱਥੇ ਬਿਜਲੀ ਦੇ ਖੰਭਿਆਂ ਨਾਲ ਇਕ ਮੂਰਤੀ ਨੂੰ ਲਟਕਾ ਦਿੱਤਾ ਅਤੇ ਦੂਜੀ ਮੂਰਤੀ ਨੂੰ ਵੇਕ ਕਾਊਂਟੀ ਇਲਾਕੇ ਵਿਚ ਲੈ ਜਾਇਆ ਗਿਆ।