ਆਸਿਫ਼ਾ ਦੀ ਕਰੂਰ ਹੱਤਿਆ ਖ਼ਿਲਾਫ਼ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰੋਸ ਪ੍ਰਦਰਸ਼ਨ

04/20/2018 9:16:28 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਜੰਮੂ-ਕਸ਼ਮੀਰ ਦੇ ਕਠੂਆ ਅਤੇ ਯੂ. ਪੀ. ਦੇ ਉਨਾਵ 'ਚ ਜ਼ਬਰ ਜਨਾਹ ਦੀ ਦਰਿੰਦਗੀ ਤੇ ਘਿਨਾਉਣੇ ਅੱਤਿਆਚਾਰ ਦੇ ਵਿਰੋਧ ਵਿੱਚ ਵਿਸ਼ਵ ਭਰ ਵਿੱਚ ਵੱਸਦੇ ਭਾਰਤੀਆਂ ਵੱਲੋਂ ਪੀੜਤ ਮਾਸੂਮ ਬੱਚੀਆਂ ਨੂੰ ਨਿਆਂ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਵੀ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ਵੱਲੋਂ ਸ਼ਾਂਤਮਈ ਢੰਗ ਨਾਲ ਇਕੱਠੇ ਹੋ ਕੇ ਅੱਠ ਸਾਲਾ ਮਰਹੂਮ ਬੱਚੀ ਆਸਿਫਾ ਦੀ ਯਾਦ ਵਿੱਚ ਮੋਮਬੱਤੀਆਂ ਜਗਾ ਕੇ ਅੱਖਾਂ ਵਿੱਚ ਅੱਥਰੂ ਤੇ ਭਾਵੁਕ ਲਫਜ਼ਾਂ ਨਾਲ
ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਰੋਸ ਸਭਾ ਨੂੰ ਸੰਬੋਧਤ ਕਰਦਿਆਂ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਅਤੇ ਭਾਰਤੀ ਟਰੇਡ ਯੂਨੀਅਨ ਦੇ ਸਾਬਕਾ ਆਗੂ ਸਰਬਜੀਤ ਸੋਹੀ, ਉੱਘੇ ਸਮਾਜਸੇਵੀ ਮਨਜੀਤ ਬੋਪਾਰਾਏ, ਜਗਜੀਤ ਖੋਸਾ, ਸਤਵਿੰਦਰ ਟੀਨੂ, ਬਲਵਿੰਦਰ ਸਿੰਘ ਬਾਗੜੀ ਅਤੇ ਰੁਪਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਆਸਿਫਾ ਜ਼ਬਰ ਜਨਾਹ ਤੇ ਕਤਲ ਹੈਵਾਨੀਅਤ ਦਾ ਸਿਖਰ ਹੈ, ਜਿਸ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ। ਆਪਣੇ ਹੀ ਦੇਸ਼ ਵਿੱਚ ਅਮਨ ਪਸੰਦ ਲੋਕ ਬੇਗਾਨਗੀ ਅਤੇ ਡਰ-ਭੈਅ ਦੇ ਇਸ ਮਹੌਲ ਵਿੱਚ ਭਾਰਤ ਤੋਂ ਹਿਜ਼ਰਤ ਕਰਨ ਲਈ ਮੌਕੇ ਤਲਾਸ਼ ਰਹੇ ਹਨ।ਉਨ੍ਹਾਂ
ਕਿਹਾ ਕਿ ਕਠੂਆ ਅਤੇ ਉਨਾਵ ਦੇ ਦੁਖਾਂਤ ਵਿੱਚ ਜਿਨ੍ਹਾਂ ਲੋਕਾਂ ਨੇ ਮੁਲਜ਼ਮਾਂ ਦਾ ਸਾਥ ਦਿੱਤਾ, ਉਨ੍ਹਾਂ ਨੂੰ ਵੀ ਬਖਸ਼ਣਾ ਨਹੀਂ ਚਾਹੀਦਾ। ਜ਼ਬਰ-ਜਨਾਹ ਦੇ ਦੁਖਾਂਤ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਗਰੀਨ ਪਾਰਟੀ, ਗੀਤਕਾਰ ਸੁਰਜੀਤ ਸੰਧੂ, ਨਗਿੰਦਰ ਧਾਲੀਵਾਲ ਆਦਿ ਨਾਮਵਰ ਪਤਵੰਤੇ ਹਾਜ਼ਰ ਸਨ।


Related News