ਵਾਸ਼ਿੰਗਟਨ ਡੀ.ਸੀ. 'ਚ PM ਮੋਦੀ ਦਾ ਤਿੱਖਾ ਵਿਰੋਧ, ਕਿਸਾਨੀ ਅੰਦੋਲਨ ਦੇ ਹੱਕ 'ਚ ਡਟੇ ਪ੍ਰਵਾਸੀ ਭਾਰਤੀ
Saturday, Sep 25, 2021 - 12:40 PM (IST)
ਵਾਸ਼ਿੰਗਟਨ (ਰਾਜ ਗੋਗਨਾ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ 'ਤੇ ਹਰ ਵਰਗ ਦੇ ਪ੍ਰਵਾਸੀ ਭਾਰਤੀਆਂ ਅਤੇ ਸਿੱਖਾਂ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਫੇਰੀ ਵਿਚ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਕਮੀ ਦੇਖਣ ਨੂੰ ਮਿਲੀ। ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਇਸ ਵਾਰ ਜ਼ਿਆਦਾ ਭਾਰੂ ਨਜ਼ਰ ਆਏ।
ਕਿਸਾਨ ਮੌਰਚੇ ਦੇ ਸਮਰਥਨ ਵਿਚ ਹਰ ਵਰਗ ਦੇ ਲੋਕਾਂ ਨੇ ਵਾਸ਼ਿੰਗਟਨ ਡੀ. ਸੀ. ਵਿਚ ਸ਼ਮੂਲੀਅਤ ਕੀਤੀ। ਸਿੱਖਾਂ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਦੁਪਿਹਰ ਦੇ 12 ਵਜੇ ਵ੍ਹਾਈਟ ਹਾਊਸ ਦੇ ਲਾਫਾਇਟੇ ਪਾਰਕ ਵਿਚ ਸ਼ੁਰੂ ਹੋ ਗਿਆ ਸੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਨ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਮਿਲਣੀ ਵਿਚ ਸਨ ਅਤੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ 'ਮੋਦੀ ਗੋਅ ਬੈਕ' ਭਾਵ ਕਿ ਮੋਦੀ ਵਾਪਸ ਜਾੳ ਦੇ ਨਾਅਰੇ ਪਿੱਛੋਂ ਸਾਫ਼ ਸੁਣਾਈ ਦੇ ਰਹੇ ਸਨ। ਵ੍ਹਾਈਟ ਹਾਊਸ ਦਾ ਆਲਾ-ਦੁਆਲਾ ਕਿਸਾਨੀ ਮੋਰਚੇ ਦੇ ਸਮਰਥਕਾਂ ਦੇ ਨਾਲ ਭਰਿਆ ਨਜ਼ਰ ਆਇਆ।
ਇਹ ਵੀ ਪੜ੍ਹੋ: UNGA ’ਚ ਬੋਲਿਆ ਭਾਰਤ, ਅੱਗ ਬੁਝਾਉਣ ਵਾਲੇ ਦੇ ਰੂਪ 'ਚ ਪਾਕਿਸਤਾਨ ਲਗਾ ਰਿਹੈ ਅੱਗ
ਮੋਰਚੇ ਵਿਚ ਸਥਾਨਕ ਲੀਡਰਸ਼ਿਪ ਅਤੇ ਨਿਊਯਾਰਕ ਤੋਂ ਵੀ ਲੋਕ ਆਪਣਾ ਸਮਰਥਨ ਕਿਸਾਨਾਂ ਦੇ ਹੱਕ ਵਿਚ ਦਰਜ ਕਰਵਾਉਣ ਲਈ ਸ਼ਾਮਲ ਹੋਏ। ਇਹ ਰੋਸ ਪ੍ਰਦਰਸ਼ਨ ਭਾਰਤੀ ਕਿਸਾਨਾਂ ਦੇ ਮੋਦੀ ਸਰਕਾਰ ਵੱਲੋਂ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਅਤੇ ਭਾਰਤ ਵਿਚ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ 'ਚ ਬੈਠੇ ਭਾਰਤੀ ਕਿਸਾਨਾ ਦੇ ਹੱਕ 'ਚ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ। ਭਾਰਤ 'ਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਾਫ਼ੀ ਢਾਅ ਲੱਗੀ ਸਾਫ਼ ਨਜ਼ਰ ਆਈ।
ਇਹ ਵੀ ਪੜ੍ਹੋ: PM ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਨੇ ਸੁਤੰਤਰ, ਖੁੱਲ੍ਹੇ ਹਿੰਦ-ਪ੍ਰਸ਼ਾਂਤ ਲਈ ਜਤਾਈ ਵਚਨਬੱਧਤਾ
ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ਮੂਲ ਦੇ ਐੱਨ.ਆਰ.ਆਈਜ਼. ਫਾਰ ਫਾਰਮਰ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਉਹ ਕਿਸੇ ਵੀ ਰਿਆਇਤ ਨੂੰ ਮੁੱਢੋਂ ਹੀ ਨਕਾਰ ਦੇਣਗੇ। ਰੋਸ ਪ੍ਰਦਰਸ਼ਨ 'ਚ ਪ੍ਰਵਾਸੀ ਕਿਸਾਨ ਸਮਰਥਕਾਂ ਨੇ ਦਿੱਲੀ ਮੋਰਚੇ 'ਤੇ ਡਟੇ ਹੋਏ ਕਿਸਾਨਾਂ ਅਤੇ ਮੋਰਚੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਆਪਣਾ ਪੂਰਨ ਸਾਥ ਦੇਣ ਦਾ ਸੁਨੇਹਾ ਵੀ ਇਸ ਰੋਸ ਮਾਰਚ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਦਿੱਤਾ। ਇਸ ਰੋਸ ਮੁਜ਼ਾਹਰੇ ਵਿਚ ਸਾਫ਼ ਗੱਲ ਜ਼ਾਹਰ ਹੋ ਰਹੀ ਹੈ ਕਿ ਮੋਦੀ ਸਰਕਾਰ ਕਿਸਾਨਾਂ ਅਤੇ ਭਾਰਤੀਆਂ ਨੂੰ ਆਪਣੇ ਭਰੋਸੇ ਵਿਚੋਂ ਪੂਰਨ ਤੌਰ 'ਤੇ ਹੁਣ ਗੁਆ ਚੁੱਕੀ ਹੈ ਅਤੇ ਭਵਿੱਖ ਵਿਚ ਅਗਲੀ ਸਰਕਾਰ ਬਣਨ ਦਾ ਰਾਹ ਮੋਦੀ ਅਤੇ ਬੀ.ਜੇ.ਪੀ. ਲਈ ਬਹੁਤ ਹੀ ਤੰਗ ਨਜ਼ਰ ਆ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।