ਕੀਨੀਆ ਦੇ ਹਾਲਾਤ ਵੇਖ ਪ੍ਰਿਯੰਕਾ ਚੋਪੜਾ ਹੋਈ ਭਾਵੁਕ, ਸ਼ੇਅਰ ਕੀਤੀ ਦਰਦਨਾਕ ਵੀਡੀਓ

Wednesday, Oct 19, 2022 - 12:05 PM (IST)

ਕੀਨੀਆ ਦੇ ਹਾਲਾਤ ਵੇਖ ਪ੍ਰਿਯੰਕਾ ਚੋਪੜਾ ਹੋਈ ਭਾਵੁਕ, ਸ਼ੇਅਰ ਕੀਤੀ ਦਰਦਨਾਕ ਵੀਡੀਓ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਬੀਤੇ ਦਿਨੀਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਉਹ ਅਸਹਿਜ ਮਹਿਸੂਸ ਕਰ ਰਹੀ ਹੈ। ਅਜਿਹਾ ਕੀ ਹੈ, ਜਿਸ ਦੇ ਚੱਲਦੇ ਅਦਾਕਾਰਾ ਅਸਹਿਜ ਮਹਿਸੂਸ ਕਰ ਰਹੀ ਹੈ। ਪ੍ਰਿਯੰਕਾ ਚੋਪੜਾ ਅਦਾਕਾਰੀ ਤੋਂ ਲੈ ਕੇ ਇੰਟਰਨੈਸ਼ਨਲ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਅਤੇ ਸਮਾਜਿਕ ਕੰਮ ਕਰਨ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਪ੍ਰਿਅੰਕਾ ਚੋਪੜਾ ਕੁਝ ਸਾਲਾਂ ਤੋਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨਾਲ ਵੀ ਜੁੜੀ ਹੋਈ ਹੈ ਅਤੇ ਹਰ ਸਾਲ ਉਹ ਸੰਸਥਾ ਲਈ ਕੰਮ ਕਰਨ ਲਈ ਕਈ ਦੇਸ਼ਾਂ ਦੀ ਯਾਤਰਾ ਕਰਦੀ ਹੈ।
ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਕੀਨੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲੀ ਹੈ। ਇਸ ਵੀਡੀਓ ਰਾਹੀਂ ਅਦਾਕਾਰਾ ਨੇ ਉਥੋਂ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕੈਪਸ਼ਨ 'ਚ ਲਿਖਿਆ, "ਮੈਂ ਇਥੇ ਇਹ ਸਭ ਵੇਖ ਕੇ ਅਸਹਿਜ ਮਹਿਸੂਸ ਕਰ ਰਹੀ ਹਾਂ।"

ਪ੍ਰਿਯੰਕਾ ਚੋਪੜਾ ਨੇ ਕੀਨੀਆ ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਉਥੋਂ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਸ਼ੇਅਰ ਕਰਦੇ ਹੋਏ ਕਿਹਾ, "ਮੈਂ ਯੂਨੀਸੈਫ ਨਾਲ ਕੀਨੀਆ 'ਚ ਹਾਂ, ਮੈਂ ਅੱਜ ਇਥੇ ਕਾਫ਼ੀ ਅਸਹਿਜ ਮਹਿਸੂਸ ਕਰ ਰਹੀ ਹਾਂ, ਜਦੋਂ ਮੈਂ ਲੰਡਨ ਤੋਂ ਕੀਨੀਆ ਲਈ ਫਲਾਇਟ ਲਈ ਹੈ ਉਦੋਂ ਤੋਂ ਮੇਰੇ ਮਨ ਬੇਚੈਨ ਹੋ ਰਿਹਾ ਹੈ। ਮੈਂ ਅਜੇ ਵੀ ਯੂਨੀਸੈਫ ਨਾਲ ਕੀਨੀਆ ਦੌਰੇ 'ਤੇ ਹਾਂ। ਇਸ ਸਮੇਂ ਇਥੇ ਚੱਲ ਰਹੇ ਸੋਕੇ ਦੀ ਮਾਰ ਨੂੰ ਵੇਖ ਕੇ ਮਨ ਉਦਾਸ ਹੈ। ਇੱਕ ਮਾਂ ਹੋਣ ਦੇ ਨਾਤੇ ਕੁਪੋਸ਼ਣ ਨਾਲ ਕਿਸੇ ਬੱਚੇ ਦੀ ਮੌਤ ਦੀ ਖ਼ਬਰ ਸੁਨਣਾ ਜਾਂ ਅਜਿਹੇ ਹਾਲਾਤ ਵੇਖਣਾ ਬੇਹੱਦ ਮੁਸ਼ਕਿਲ ਹੈ। ਬਾਵਜੂਦ ਇਸ ਦੇ ਮੈਂ ਤੁਹਾਨੂੰ ਸਾਰਿਆਂ ਇਸ ਯਾਤਰਾ 'ਤੇ ਲੈ ਕੇ ਜਾਣਾ ਚਾਹੁੰਦੀ ਹਾਂ।"

PunjabKesari

ਪ੍ਰਿਯੰਕਾ ਨੇ ਦੱਸਿਆ ਕਿ ਕਿਵੇਂ ਵਾਤਾਵਰਣ 'ਚ ਆ ਰਹੇ ਬਦਲਾਅ ਕਾਰਨ ਉੱਥੇ ਹਾਲਾਤ ਵਿਗੜਦੇ ਜਾ ਰਹੇ ਹਨ। ਇਥੇ ਇੱਕ ਮਿੰਟ 'ਚ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਇਸ ਬਾਰੇ ਗੱਲ ਕਰਦੇ ਹੋਏ ਪ੍ਰਿਯੰਕਾ ਨੇ ਸਾਰਿਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪ੍ਰਿਯੰਕਾ ਨੇ ਕਿਹਾ, ''ਮੈਂ ਯੂਨੀਸੈਫ ਦੀ ਇਸ ਮੁਹਿੰਮ 'ਚ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੀ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਅੱਗੇ ਆਓ ਤਾਂ ਜੋ ਸਮੇਂ ਸਿਰ ਇਲਾਜ ਕਰਵਾ ਕੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਸਕੇ।''

ਪ੍ਰਿਯੰਕਾ ਚੋਪੜਾ ਮੁਤਾਬਕ, ਕੀਨੀਆ 'ਚ ਇਹ ਪਹਿਲੀ ਵਾਰ ਸੋਕਾ ਨਹੀਂ ਪਿਆ ਹੈ, ਹਾਲਾਂਕਿ ਇਸ ਤਰ੍ਹਾਂ ਦਾ ਸੋਕਾ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਹੈ। ਅਦਾਕਾਰਾ ਨੇ ਇਸ ਦਾ ਕਾਰਨ ਜਲਵਾਯੂ ਪਰਿਵਰਤਨ ਯਾਨੀ ਕਿ ਵਾਤਾਵਰਣ 'ਚ ਆ ਰਹੀ ਤਬਦੀਲੀ ਨੂੰ ਦੱਸਿਆ ਹੈ। ਅਫਰੀਕਾ ਦੇ ਜ਼ਿਆਦਾਤਰ ਦੇਸ਼ ਵਾਤਾਵਰਣ 'ਚ ਆ ਰਹੀ ਤਬਦੀਲੀ ਕਾਰਨ ਪਰੇਸ਼ਾਨ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News