ਪ੍ਰਿੰਸ ਹੈਰੀ ਨੇ ਯੂਕੇ ''ਚ ਪਰਿਵਾਰਕ ਸੁਰੱਖਿਆ ਲਈ ਕੀਤੀ ਕਾਨੂੰਨੀ ਕਾਰਵਾਈ
Monday, Jan 17, 2022 - 10:24 AM (IST)
ਲੰਡਨ (ਬਿਊਰੋ): ਪ੍ਰਿੰਸ ਹੈਰੀ ਸ਼ਾਹੀ ਪਰਿਵਾਰ ਨਾਲੋਂ ਵੱਖ ਹੋ ਕੇ ਇਨੀ ਦਿਨੀਂ ਅਮਰੀਕਾ ਵਿਚ ਰਹਿ ਰਹੇ ਹਨ। ਬੀਤੇ ਦਿਨੀਂ ਪ੍ਰਿੰਸ ਹੈਰੀ ਨੇ ਯੂਕੇ ਦੀ ਆਪਣੀ ਫੇਰੀ ਦੌਰਾਨ ਆਪਣੇ ਅਤੇ ਆਪਣੇ ਪਰਿਵਾਰ ਦੀ ਪੁਲਸ ਸੁਰੱਖਿਆ ਲਈ ਭੁਗਤਾਨ ਬੰਦ ਕਰਨ ਦੇ ਗ੍ਰਹਿ ਦਫਤਰ ਦੇ ਫ਼ੈਸਲੇ 'ਤੇ ਕਾਨੂੰਨੀ ਕਾਰਵਾਈ ਕੀਤੀ। ਹੈਰੀ ਪਤਨੀ ਮੇਘਨ ਮਰਕੇਲ ਅਤੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਹੈਰੀ ਨੇ ਸੁਰੱਖਿਆ ਨੂੰ ਲੈ ਕੇ ਸਰਕਾਰੀ ਵਿਭਾਗ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ 'ਚ ਨਿਆਂਇਕ ਸਮੀਖਿਆ ਲਈ ਪਟੀਸ਼ਨ ਦਾਇਰ ਕੀਤੀ ਹੈ।ਪ੍ਰਿੰਸ ਹੈਰੀ, ਜਿਸ ਨੇ ਸ਼ਾਹੀ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਹੈ, ਆਪਣੇ ਦੇਸ਼ ਦੇ ਭਵਿੱਖੀ ਦੌਰਿਆਂ ਦੌਰਾਨ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੁਦ ਖਰਚ ਕਰਨਾ ਚਾਹੁੰਦੇ ਹਨ।
ਕਾਨੂੰਨੀ ਪ੍ਰਤੀਨਿਧੀ ਨੇ ਕਹੀ ਇਹ ਗੱਲ
ਹੈਰੀ ਦੇ ਕਾਨੂੰਨੀ ਪ੍ਰਤੀਨਿਧੀ ਨੇ ਇਕ ਬਿਆਨ ਵਿਚ ਕਿਹਾ ਕਿ ਬ੍ਰਿਟੇਨ ਹਮੇਸ਼ਾ ਪ੍ਰਿੰਸ ਹੈਰੀ ਦਾ ਘਰ ਰਹੇਗਾ। ਹੈਰੀ ਅਤੇ ਉਸ ਦੇ ਪਰਿਵਾਰ ਲਈ ਪੁਲਸ ਸੁਰੱਖਿਆ ਜ਼ਰੂਰੀ ਹੈ। ਹੈਰੀ ਭਵਿੱਖ ਵਿਚ ਬ੍ਰਿਟੇਨ ਦੀ ਫੇਰੀ ਦੌਰਾਨ ਆਪਣੇ ਖਰਚੇ 'ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇੱਕ ਨਿੱਜੀ ਸੁਰੱਖਿਆ ਟੀਮ ਨੂੰ ਨਿਯੁਕਤ ਕਰਨ ਦਾ ਇਰਾਦਾ ਰੱਖਦੇ ਹਨ। ਸੁਰੱਖਿਆ ਦੀ ਘਾਟ ਕਾਰਨ ਹੈਰੀ ਅਤੇ ਉਸ ਦਾ ਪਰਿਵਾਰ ਬ੍ਰਿਟੇਨ ਵਾਪਸ ਨਹੀਂ ਆ ਸਕਦਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਦਹਿਸ਼ਤ 'ਚ ਰੇਲ ਕੰਪਨੀਆਂ, ਚੱਲਦੀ ਟ੍ਰੇਨ 'ਚ 'ਚੋਰੀ' ਦੀਆਂ ਅਨੋਖੀਆਂ ਘਟਨਾਵਾਂ (ਵੀਡੀਓ)
ਮਹਾਰਾਣੀ ਐਲਿਜ਼ਾਬੈਥ II ਦੇ ਪੋਤੇ ਹੈਰੀ ਨੇ ਕਿਹਾ ਕਿ ਅਮਰੀਕਾ ਵਿੱਚ ਉਹਨਾਂ ਦੀ ਨਿੱਜੀ ਸੁਰੱਖਿਆ ਟੀਮ ਨੂੰ ਯੂਕੇ ਦੀ ਖੁਫੀਆ ਜਾਣਕਾਰੀ ਤੱਕ ਪਹੁੰਚ ਨਹੀਂ ਹੈ।ਇਸ ਵਿਚਕਾਰ ਬ੍ਰਿਟਿਸ਼ ਸਰਕਾਰ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਦੇਸ਼ ਦੀ ਸੁਰੱਖਿਆ ਪ੍ਰਣਾਲੀ ਸਖ਼ਤ ਅਤੇ ਸੰਤੁਲਿਤ ਹੈ। ਇਹ ਸਾਡੀ ਨੀਤੀ ਹੈ ਕਿ ਉਨ੍ਹਾਂ ਪ੍ਰਬੰਧਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਨਾ ਕਰੀਏ।ਅਜਿਹਾ ਕਰਨ ਨਾਲ ਵਿਅਕਤੀਆਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ।ਦੂਜੇ ਪਾਸੇ, ਪਿਛਲੇ ਮਹੀਨੇ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਰਕੇਲ ਨੇ ਇੱਕ ਅਖ਼ਬਾਰ ਵਿਰੁੱਧ ਨਿੱਜਤਾ ਦਾ ਮੁਕੱਦਮਾ ਜਿੱਤਿਆ ਸੀ। ਇਹ ਮੁਕੱਦਮਾ ਉਸ ਦੇ ਵਿਛੜੇ ਪਿਤਾ ਨੂੰ ਚਿੱਠੀਆਂ ਪ੍ਰਕਾਸ਼ਿਤ ਕਰਕੇ ਉਸ ਦੇ ਨਿੱਜੀ ਮਾਮਲਿਆਂ ਨੂੰ ਜਨਤਕ ਕਰਨ ਨਾਲ ਸਬੰਧਤ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।