'ਬਰਥ ਸਿਟੀਜ਼ਨਸ਼ਿਪ' ਖਤਮ ਕਰਨ ਸਬੰਧੀ ਟਰੰਪ ਦਾ ਵੱਡਾ ਬਿਆਨ

08/22/2019 1:20:36 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਜਿਹੜੇ ਲੋਕ ਅਮਰੀਕੀ ਨਾਗਰਿਕ ਨਹੀਂ ਹਨ, ਉਨ੍ਹਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਜਨਮਜਾਤ ਨਾਗਰਿਕਤਾ (ਬਰਥ ਸਿਟੀਜ਼ਨਸ਼ਿਪ) ਨੂੰ ਖਤਮ ਕਰਨ 'ਤੇ ਉਹ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਟਰੰਪ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿੱਥੇ ਕੋਈ ਵੀ ਵਿਦੇਸ਼ੀ ਨਾਗਰਿਕ ਆ ਕੇ ਬੱਚੇ ਪੈਦਾ ਕਰਦਾ ਹੈ ਤੇ ਬੱਚੇ ਨੂੰ ਜਨਮ ਤੋਂ ਹੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਟਰੰਪ ਨੇ ਬਰਥ ਸਿਟੀਜ਼ਨਸ਼ਿਪ 'ਤੇ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ,''ਅਸੀਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਸਪੱਸ਼ਟ ਕਹਾਂ ਤਾਂ ਇਹ ਬਕਵਾਸ ਹੈ। ਬਰਥ ਸਿਟੀਜ਼ਨਸ਼ਿਪ ਇਹ ਹੈ ਕਿ ਸਾਡੀ ਜ਼ਮੀਨ 'ਤੇ ਤੁਹਾਡਾ ਬੱਚਾ ਹੋਇਆ ਹੈ , ਤੁਸੀਂ ਸਰਹੱਦ ਪਾਰ ਕਰਕੇ ਆਉਂਦੇ ਹੋ, ਬੱਚੇ ਨੂੰ ਜਨਮ ਦਿੰਦੇ ਹੋ, ਵਧਾਈ ਹੋਵੇ, ਬੱਚਾ ਹੁਣ ਅਮਰੀਕੀ ਨਾਗਰਿਕ ਹੈ।...ਅਸੀਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ।'' ਜ਼ਿਕਰਯੋਗ ਹੈ ਕਿ ਟਰੰਪ ਨੇ 2016 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਜਨਮਜਾਤ ਨਾਗਰਿਕਤਾ ਨੂੰ ਖਤਮ ਕਰਨਗੇ। ਇਸ ਦਾ ਮਤਲਬ ਹੈ ਕਿ ਵਿਦੇਸ਼ੀ ਮਾਂ-ਬਾਪ ਦੇ ਬੱਚੇ ਨੂੰ ਬਰਥ ਸਿਟੀਜ਼ਨਸ਼ਿਪ ਨਹੀਂ ਮਿਲੇਗੀ। 

ਜ਼ਿਕਰਯੋਗ ਹੈ ਕਿ ਟਰੰਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਸਮੇਂ ਕਿਹਾ ਸੀ ਕਿ ਉਹ ਬਰਥ ਸਿਟੀਜ਼ਨਸ਼ਿਪ ਨੂੰ ਖਤਮ ਕਰਨਗੇ। ਆਪਣੇ ਚੋਣ ਪ੍ਰਚਾਰ 'ਚ ਵੀ ਉਨ੍ਹਾਂ ਨੇ ਤਿੱਖੇ ਢੰਗ ਨਾਲ ਕਿਹਾ ਸੀ ਕਿ ਅਮਰੀਕਾ 'ਚ ਜਨਮ ਲੈਣ 'ਤੇ ਮਿਲਣ ਵਾਲੀ ਬਰਥ ਸਿਟੀਜ਼ਨਸ਼ਿਪ ਦੇ ਹੱਕ 'ਚ ਉਹ ਨਹੀਂ ਹਨ। ਉਨ੍ਹਾਂ ਨੇ ਉਸ ਸਮੇਂ ਵੀ ਕਿਹਾ ਸੀ ਕਿ ਬਤੌਰ ਰਾਸ਼ਟਰਪਤੀ ਉਹ ਇਸ ਨੂੰ ਖਤਮ ਕਰਨ ਲਈ ਗੰਭੀਰਤਾ ਨਾਲ ਕੋਸ਼ਿਸ਼ ਕਰਨਗੇ।
ਸਰਹੱਦ ਪਾਰ ਤੋਂ ਆਉਣ ਵਾਲੇ ਪ੍ਰਵਾਸੀਆਂ ਤੇ ਸ਼ਰਣਾਰਥੀਆਂ ਲਈ ਟਰੰਪ ਪ੍ਰਸ਼ਾਸਨ ਦਾ ਰਵੱਈਆ ਸਖਤ ਹੋ ਰਿਹਾ ਹੈ। ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣਾ ਵੀ ਟਰੰਪ ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਕੀਤੇ ਗਏ ਚੋਣ ਵਾਦਿਆਂ 'ਚੋਂ ਇਕ ਹੈ।


Related News