ਯੂਕ੍ਰੇਨ ਯੁੱਧ ਦੌਰਾਨ ਰਾਸ਼ਟਰਪਤੀ ਪੁਤਿਨ ਦੀ ਚੇਤਾਵਨੀ, 'ਪ੍ਰਮਾਣੂ ਜੰਗ ਦਾ ਖ਼ਤਰਾ ਵਧਦਾ ਜਾ ਰਿਹੈ'
Thursday, Dec 08, 2022 - 12:02 PM (IST)
ਮਾਸਕੋ (ਬਿਊਰੋ): ਯੂਕ੍ਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਪੁਤਿਨ ਨੇ ਕਿਹਾ ਕਿ ਪਰਮਾਣੂ ਯੁੱਧ ਦਾ ਖ਼ਤਰਾ ਵੱਧ ਰਿਹਾ ਹੈ ਪਰ ਜ਼ੋਰ ਦੇ ਕੇ ਕਿਹਾ ਕਿ ਰੂਸ ਪਹਿਲਾਂ ਹਮਲਾ ਨਹੀਂ ਕਰੇਗਾ। ਕ੍ਰੇਮਲਿਨ ਵਿੱਚ ਰੂਸ ਦੀ ਮਨੁੱਖੀ ਅਧਿਕਾਰ ਕੌਂਸਲ ਦੀ ਮੀਟਿੰਗ ਦੌਰਾਨ ਪੁਤਿਨ ਨੇ ਜੋ ਕਿਹਾ, ਉਸ ਨੇ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੁਤਿਨ ਨੇ ਕਿਹਾ ਕਿ ਹੁਣ ਤੱਕ ਰੂਸ ਨੇ ਪਹਿਲਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਬਾਰੇ ਨਹੀਂ ਸੋਚਿਆ ਹੈ। ਕਿਸੇ ਵੀ ਹਾਲਾਤ ਵਿੱਚ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇਗਾ। ਪਰ ਇਸਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਵੇਗੀ।ਪੁਤਿਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਦੀ ਸਰਹੱਦ 'ਤੇ ਹਮਲਾ ਹੁੰਦਾ ਹੈ ਤਾਂ ਪ੍ਰਮਾਣੂ ਯੁੱਧ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪ੍ਰਮਾਣੂ ਹਥਿਆਰ ਰੂਸ ਦੀ ਰਣਨੀਤੀ
ਪੁਤਿਨ ਨੇ ਕਿਹਾ ਕਿ ਰੂਸ ਦੀ ਇਕ ਰਣਨੀਤੀ ਹੈ ਜਿਸ ਨੂੰ ਰੱਖਿਆ ਵਜੋਂ ਜਾਣਿਆ ਜਾਂਦਾ ਹੈ। ਅਸੀਂ ਇਸ ਰਣਨੀਤੀ ਦੇ ਤਹਿਤ ਵਿਨਾਸ਼ ਦੇ ਪ੍ਰਮਾਣੂ ਹਥਿਆਰ ਦੇਖਦੇ ਹਾਂ। ਉਹ ਬਦਲੇ ਦੀ ਕਾਰਵਾਈ ਦੇ ਤਹਿਤ ਵਰਤੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ, ਅਸੀਂ ਬਦਲੇ ਵਿੱਚ ਇਸਦਾ ਉਪਯੋਗ ਕਰਾਂਗੇ। ਰੂਸੀ ਰਾਸ਼ਟਰਪਤੀ ਮੁਤਾਬਕ ਅਮਰੀਕਾ ਦੇ ਪਰਮਾਣੂ ਹਥਿਆਰ ਯੂਰਪ ਦੇ ਕਈ ਦੇਸ਼ਾਂ 'ਚ ਵੱਡੇ ਪੱਧਰ 'ਤੇ ਮੌਜੂਦ ਹਨ। ਜਦਕਿ ਰੂਸ ਨੇ ਆਪਣੇ ਪਰਮਾਣੂ ਹਥਿਆਰ ਕਿਸੇ ਹੋਰ ਦੇਸ਼ ਕੋਲ ਨਹੀਂ ਰੱਖੇ ਹਨ ਅਤੇ ਨਾ ਹੀ ਅਜਿਹੀ ਕੋਈ ਯੋਜਨਾ ਹੈ। ਪਰ ਜੇਕਰ ਉਨ੍ਹਾਂ ਨੂੰ ਕਿਸੇ ਸਾਥੀ ਦੀ ਸੁਰੱਖਿਆ ਲਈ ਲੋੜ ਪਵੇ ਤਾਂ ਇਸ ਨੂੰ ਰੂਸ ਦੇ ਬਾਹਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਪੁਤਿਨ ਨੇ ਹਮੇਸ਼ਾ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਸਰਹੱਦ ਰੇਖਾ ਪਾਰ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਸ ਲਈ ਕੀਤੀ ਜਾਵੇਗੀ ਹਥਿਆਰਾਂ ਦੀ ਵਰਤੋਂ
ਪੁਤਿਨ ਨੇ ਕਿਹਾ ਹੈ ਕਿ ਉਹ ਪਰਮਾਣੂ ਹਥਿਆਰਾਂ ਨੂੰ ਰੱਖਿਆਤਮਕ ਉਪਾਅ ਦੇ ਤੌਰ 'ਤੇ ਦੇਖਦੇ ਹਨ। ਪੁਤਿਨ ਦੇ ਸ਼ਬਦਾਂ ਵਿਚ, 'ਅਸੀਂ ਪਾਗਲ ਨਹੀਂ ਹਾਂ। ਅਸੀਂ ਜਾਣਦੇ ਹਾਂ ਕਿ ਪ੍ਰਮਾਣੂ ਹਥਿਆਰ ਕੀ ਹਨ ਅਤੇ ਉਹ ਕਿੰਨੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਸਾਡੇ ਕੋਲ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਉੱਨਤ ਅਤੇ ਆਧੁਨਿਕ ਪ੍ਰਮਾਣੂ ਹਥਿਆਰ ਹਨ, ਇਹ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ 'ਅਸੀਂ ਇਨ੍ਹਾਂ ਹਥਿਆਰਾਂ ਨੂੰ ਦੁਨੀਆ ਭਰ ਵਿਚ ਰੇਜ਼ਰ ਵਾਂਗ ਲਹਿਰਾਉਣ ਵਾਲੇ ਨਹੀਂ ਹਾਂ। ਬੇਸ਼ੱਕ ਅਸੀਂ ਇਹ ਸਵੀਕਾਰ ਕਰਨ ਤੋਂ ਸੰਕੋਚ ਨਹੀਂ ਕਰਾਂਗੇ ਕਿ ਰੂਸ ਕੋਲ ਇਹ ਹਥਿਆਰ ਨਹੀਂ ਹਨ। ਪਰ ਇਹ ਸੰਘਰਸ਼ ਲਈ ਨਹੀਂ ਸਗੋਂ ਬਚਾਅ ਲਈ ਹੈ ਅਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਨੂੰ ਚੰਗੀ ਤਰ੍ਹਾਂ ਸਮਝਣਗੇ।
ਪੜ੍ਹੋ ਇਹ ਅਹਿਮ ਖ਼ਬਰ-ਡੋਨੇਟਸਕ ਪਹੁੰਚ ਜ਼ੇਲੇਂਸਕੀ, ਸੈਨਿਕਾਂ ਨੂੰ ਰਾਜ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ (ਤਸਵੀਰਾਂ)
ਰੂਸ-ਯੂਕ੍ਰੇਨ ਯੁੱਧ ਹੋਇਆ ਲੰਬਾ
ਸੋਮਵਾਰ ਨੂੰ ਯੂਕ੍ਰੇਨ ਨੇ ਰੂਸੀ ਸਰਹੱਦ ਦੇ ਅੰਦਰ ਡਰੋਨ ਨਾਲ ਹਮਲਾ ਕੀਤਾ। ਨੌਂ ਮਹੀਨੇ ਤੋਂ ਚੱਲੀ ਜੰਗ ਵਿੱਚ ਯੂਕ੍ਰੇਨ ਪਹਿਲੀ ਵਾਰ ਇੰਨਾ ਹਮਲਾਵਰ ਰਿਹਾ ਹੈ। ਇਸ ਹਮਲੇ ਵਿੱਚ ਯੂਕ੍ਰੇਨ ਨੇ ਦੋ ਰੂਸੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਦੀ ਪੁਸ਼ਟੀ ਰੂਸ ਦੇ ਰੱਖਿਆ ਮੰਤਰਾਲੇ ਅਤੇ ਯੂਕ੍ਰੇਨ ਦੇ ਇਕ ਸੀਨੀਅਰ ਅਧਿਕਾਰੀ ਨੇ ਕੀਤੀ। ਇਹ ਡਰੋਨ ਯੂਕ੍ਰੇਨ ਦੀ ਸਰਹੱਦ ਤੋਂ ਲਾਂਚ ਕੀਤੇ ਗਏ ਸਨ।
ਅਮਰੀਕਾ ਨੇ ਕਹੀ ਇਹ ਗੱਲ
ਰੂਸ ਮੁਤਾਬਕ ਇਹ ਹਮਲੇ ਵਿਸ਼ੇਸ਼ ਬਲਾਂ ਦੀ ਮਦਦ ਨਾਲ ਕੀਤੇ ਗਏ ਸਨ। ਰੂਸ ਨੇ ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਨਾ ਤਾਂ ਅਮਰੀਕਾ ਨੇ ਯੂਕ੍ਰੇਨ ਨੂੰ ਹਮਲਾ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਨਾ ਹੀ ਉਸ ਨੂੰ ਰੂਸ ਦੇ ਖੇਤਰ ਦੇ ਅੰਦਰ ਹਮਲੇ ਕਰਨ ਲਈ ਮਦਦ ਦਿੱਤੀ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।