ਰਾਸ਼ਟਰਪਤੀ ਮੁਰਮੂ, PM ਮੋਦੀ ਨੇ ਸਾਬਕਾ ਚੀਨੀ ਰਾਸ਼ਟਰਪਤੀ ਜਿਆਂਗ ਦੇ ਦੇਹਾਂਤ ’ਤੇ ਜਤਾਇਆ ਸੋਗ

12/07/2022 1:44:35 AM

ਬੀਜਿੰਗ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਵਿਸ਼ਵ ਨੇਤਾਵਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਚੀਨੀ ਨੇਤਾ ਜਿਆਂਗ ਜ਼ੇਮਿਨ ਦੇ ਦੇਹਾਂਤ ’ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਤੀ ਸੋਗ ਪ੍ਰਗਟ ਕੀਤਾ। ਅਧਿਕਾਰਤ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਆਂਗ 1989 ਤੋਂ 2002 ਤੱਕ ਚੀਨ ਦੇ ਰਾਸ਼ਟਰਪਤੀ ਅਤੇ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੇ ਜਨਰਲ ਸਕੱਤਰ ਸਨ। ਲਿਊਕੇਮੀਆ ਤੋਂ ਪੀੜਤ ਜਿਆਂਗ ਦਾ 30 ਨਵੰਬਰ ਨੂੰ ਸ਼ੰਘਾਈ ’ਚ 96 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਆਂਗ ਦਾ ਸੋਮਵਾਰ ਨੂੰ ਇਥੇ ਅੰਤਿਮ ਸੰਸਕਾਰ ਕੀਤਾ ਗਿਆ।

ਮੰਗਲਵਾਰ ਨੂੰ ਸੀ.ਪੀ.ਸੀ. ਨੇ ਬੀਜਿੰਗ ’ਚ ਇਕ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ, ਜਿਸ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸੱਤਾਧਾਰੀ ਪਾਰਟੀ ਅਤੇ ਸਰਕਾਰ ਦੇ ਹੋਰ ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ । ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਸਾਬਕਾ ਨੇਤਾ ਜਿਆਂਗ ਦੇ ਦਿਹਾਂਤ ’ਤੇ ਕਈ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੇਤਾਵਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਫੋਨ, ਚਿੱਠੀ ਭੇਜ ਕੇ ਜਾਂ ਹੋਰ ਮਾਧਿਅਮਾਂ ਜ਼ਰੀਏ ਡੂੰਘਾ ਦੁੱਖ ਜ਼ਾਹਿਰ ਕੀਤਾ। ਇਸ ਵਿਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਸੋਗ ਪ੍ਰਗਟ ਕੀਤਾ ਹੈ। ਇੱਥੇ ਭਾਰਤੀ ਦੂਤਘਰ ਨੇ 1 ਦਸੰਬਰ ਨੂੰ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ’ਤੇ ਆਪਣੀ ਪੋਸਟ ’ਚ ਜਿਆਂਗ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਸੀ।


Manoj

Content Editor

Related News