ਰਾਸ਼ਟਰਪਤੀ ਨੇ ਭੰਗ ਕੀਤੀ ਨੇਪਾਲ ਦੀ ਸੰਸਦ, ਨਵੰਬਰ ’ਚ ਮੁੜ ਹੋਣਗੀਆਂ ਚੋਣਾਂ
Saturday, May 22, 2021 - 01:16 PM (IST)
ਇੰਟਰਨੈਸ਼ਨਲ ਡੈਸਕ : ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਸ਼ੁੱਕਰਵਾਰ ਅੱਧੀ ਰਾਤ ਨੂੰ ਸੰਸਦ ਭੰਗ ਕਰ ਦਿੱਤੀ ਤੇ 12 ਤੇ 19 ਨਵੰਬਰ ਨੂੰ ਦਰਮਿਆਨੀ ਮਿਆਦ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਭੰਡਾਰੀ ਨੇ ਇਹ ਐਲਾਨ ਸੰਸਦ ਭੰਗ ਕਰਨ ਦੀ ਪ੍ਰਧਾਨ ਮੰਤਰੀ ਕੇ. ਪੀ. ਓਲੀ ਦੀ ਸਿਫਾਰਿਸ਼ ਦਾ ਸਮਰਥਨ ਕਰਨ ਤੋਂ ਬਾਅਦ ਕੀਤਾ।
12 ਨਵੰਬਰ ਨੂੰ ਚੋਣਾਂ ਕਰਵਾਉਣ ਦੀ ਸਿਫ਼ਾਰਿਸ਼
ਰਾਸ਼ਟਰਪਤੀ ਦਫਤਰ ਤੋਂ ਪ੍ਰੈੱਸ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਨੇਪਾਲ ਦੇ ਸੰਵਿਧਾਨ ਦੀ ਧਾਰਾ 76 (7) ਦੇ ਆਧਾਰ ’ਤੇ ਦਰਮਿਆਨੀ ਮਿਆਦ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਗਿਆ ਹੈ। ਮੰਤਰੀ ਪ੍ਰੀਸ਼ਦ ਨੇ ਪਹਿਲੇ ਪੜਾਅ ਦੀ ਚੋਣ 12 ਨਵੰਬਰ ਤੇ ਦੂਸਰੇ ਪੜਾਅ ਦੀ ਚੋਣ 19 ਨਵੰਬਰ ਨੂੰ ਕਰਾਉਣ ਦੀ ਸਿਫਾਰਿਸ਼ ਕੀਤੀ।
ਨੇਪਾਲ ’ਚ ਕੁਝ ਦਿਨਾਂ ਤੋਂ ਸਿਆਸੀ ਸੰਕਟ ਜਾਰੀ
ਨੇਪਾਲ ਦੇ ਸਿਆਸੀ ਸੰਕਟ ਨੇ ਸ਼ੁੱਕਰਵਾਰ ਉਸ ਵੇਲੇ ਨਾਟਕੀ ਮੋੜ ਲੈ ਲਿਆ, ਜਦੋਂ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਤੇ ਵਿਰੋਧੀ ਦਲਾਂ ਦੋਵਾਂ ਨੇ ਹੀ ਰਾਸ਼ਟਰਪਤੀ ਨੂੰ ਸੰਸਦ ਮੈਂਬਰਾਂ ਦੇ ਦਸਤਖਤਾਂ ਵਾਲੇ ਪੱਤਰ ਸੌਂਪ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪ੍ਰਧਾਨ ਮੰਤਰੀ ਓਲੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਰਾਸ਼ਟਰਪਤੀ ਦੇ ਦਫਤਰ ਸ਼ੀਤਲ ਨਿਵਾਸ ਪਹੁੰਚੇ ਤੇ ਆਪਣੀ ਸੂਚੀ ਸੌਂਪੀ।