ਨਰਸ ਦੇ ਹੱਥਾਂ ''ਚੋਂ ਡਿੱਗਿਆ ਨਵਜੰਮਿਆ ਬੱਚਾ, ਮਾਂ ਨੇ ਹਸਪਤਾਲ ''ਤੇ ਠੋਕ ਦਿੱਤਾ ਮੁਕੱਦਮਾ (ਦੇਖੋ ਤਸਵੀਰਾਂ)

03/14/2017 6:50:31 PM

ਓਨਟਾਰੀਓ— ਕੈਨੇਡਾ ਦੀ ਇਕ ਮਾਂ ਨੇ ਓਨਟਾਰੀਓ ਦੇ ਇਕ ਹਸਪਤਾਲ ''ਤੇ ਅਣਗਹਿਲੀ ਵਰਤਣ ਦਾ ਮਾਮਲਾ ਦਰਜ ਕਰਦੇ ਹੋਏ ਮੁਆਵਜ਼ੇ ਦੀ ਮੰਗ ਕੀਤੀ ਹੈ। ਅਸਲ ਵਿਚ ਇਸ ਹਸਪਤਾਲ ਦੀ ਇਕ ਨਰਸ ਦੇ ਹੱਥਾਂ ''ਚੋਂ ਨਵਜੰਮਿਆ ਬੱਚਾ ਹੇਠਾਂ ਡਿੱਗ ਗਿਆ ਸੀ, ਜਿਸ ਕਰਕੇ ਉਸ ਦੀ ਖੋਪੜੀ ਨੁਕਸਾਨੀ ਗਈ। 19 ਸਾਲਾ ਕੇਲਸੀ ਬੌਂਡ ਨੇ ਓਨਟਾਰੀਓ ਦੇ ਬੇਲੇਵਿਲੇ ਵਿਖੇ ਸਥਿਤ ਹਸਪਤਾਲ ਵਿਚ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਬੱਚਿਆਂ ਦਾ ਜਨਮ 9 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੋ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿਚ ਮਸ਼ੀਨਾਂ ਵਿਚ ਰੱਖਿਆ ਗਿਆ ਸੀ। ਇਸ ਦੌਰਾਨ ਇਕ ਨਰਸ ਜਦੋਂ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤਾਂ ਥੱਕੀ ਹੋਈ ਹੋਣ ਕਰਕੇ ਉਸ ਦੀ ਅੱਖ ਲੱਗ ਗਈ। ਇਸ ਦੌਰਾਨ ਬੱਚਾ ਉਸ ਦੇ ਹੱਥਾਂ ''ਚੋਂ ਡਿੱਗ ਗਿਆ ਅਤੇ ਉਸ ਦੀ ਖੋਪੜੀ ''ਤੇ ਗੰਭੀਰ ਸੱਟ ਲੱਗ ਗਈ। ਹਸਪਤਾਲ ਸਟਾਫ ਨੇ ਕੇਲਸੀ ਨੂੰ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ। ਹਸਪਤਾਲ ਸਟਾਫ ਨੇ ਕੇਲਸੀ ਤੋਂ ਘਟਨਾ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਬੱਚਾ ਪੂਰੀ ਤਰ੍ਹਾਂ ਠੀਕ ਹੈ। ਦੋਹਾਂ ਜੁੜਵਾ ਬੱਚਿਆਂ ''ਚੋਂ ਦੂਜੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਜਦੋਂ ਜਿਹੜਾ ਬੱਚਾ ਡਿੱਗਿਆ ਸੀ, ਉਸ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੇਸ਼ ਆਈਆਂ। ਬੱਚੇ ਦੇ ਠੀਕ ਨਾ ਹੋਣ ''ਤੇ ਹਸਪਤਾਲ ਨੇ ਬੱਚੇ ਦਾ ਸਿਰ ਦਾ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਬੱਚੇ ਦੀ ਵਿਗੜਦੀ ਹਾਲਤ ਦੇਖ ਕੇ ਕੇਲਸੀ ਨੇ ਤੁਰੰਤ ਉਸ ਨੂੰ ਦੂਜੇ ਹਸਪਤਾਲ ਸ਼ਿਫਟ ਕਰਵਾਇਆ। ਦਿਮਾਗ ਦੀ ਸੀ. ਟੀ. ਸਕੈਨ ਵਿਚ ਸਾਫ ਹੋਇਆ ਕਿ ਬੱਚੇ ਦੇ ਖੋਪੜੀ ਵਿਚ ਤਰੇੜ ਆਈ ਸੀ ਅਤੇ ਦਿਮਾਗ ਅਤੇ ਖੋਪੜੀ ਵਿਚਕਾਰ ਖੂਨ ਇਕੱਠਾ ਹੋਇਆ ਸੀ। 2 ਮਾਰਚ ਤੱਕ ਬੱਚਾ ਹਸਪਤਾਲ ਵਿਚ ਰਿਹਾ। ਹੁਣ ਉਹ ਠੀਕ ਹੋ ਰਿਹਾ ਹੈ ਪਰ ਉਸ ਨੂੰ ਆਪਣੇ ਜੁੜਵਾ ਭਰਾ ਨਾਲੋਂ ਜ਼ਿਆਦਾ ਦੇਖਭਾਲ ਦੀ ਲੋੜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਛੇ ਮਹੀਨਿਆਂ ਤੋਂ ਇਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। 
ਕੇਲਸੀ ਦਾ ਕਹਿਣਾ ਹੈ ਕਿ ਹਸਪਤਾਲ ਸਟਾਫ ਨੇ ਉਸ ਨੂੰ ਘਟਨਾ ਦੀ ਸਹੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਨਰਸ ਦਾ ਸਾਥ ਦਿੱਤਾ ਅਤੇ ਬੱਚੇ ਦੀ ਦੇਖਭਾਲ ਵਿਚ ਅਣਗਹਿਲੀ ਕੀਤੀ। ਇੰਨਾਂ ਹੀ ਨਹੀਂ ਘਟਨਾ ਤੋਂ ਬਾਅਦ ਵੀ ਉਨ੍ਹਾਂ ਨੇ ਬੱਚੇ ਦੀ ਸਹੀ ਦੇਖਭਾਲ ਨਹੀਂ ਕੀਤੀ ਗਈ, ਜਿਸ ਕਰਕੇ ਉਸ ਦੇ ਅਸਲ ਦੁੱਖ ਬਾਰੇ ਕਾਫੀ ਦੇਰ ਨਾਲ ਪਤਾ ਲੱਗਾ। ਹਸਪਤਾਲ ਪ੍ਰਸ਼ਾਸਨ ਨੇ ਇਸ ਘਟਨਾ ਲਈ ਦੋਸ਼ੀ ਨਰਸ ਨੂੰ ਸਜ਼ਾ ਤੱਕ ਨਹੀਂ ਦਿੱਤੀ। ਕੇਲਸੀ ਨੇ ਕਿਹਾ ਕਿ ਇਸ ਮਾਮਲੇ ਵਿਚ ਮੁਆਫੀ ਕਾਫੀ ਨਹੀਂ ਹੈ ਅਤੇ ਹਸਪਤਾਲ ਸਟਾਫ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਉਸ ਨੇ ਉਨ੍ਹਾਂ ਖਿਲਾਫ ਮੁਕੱਦਮਾ ਕੀਤਾ ਹੈ। 

Kulvinder Mahi

News Editor

Related News