20-20 ਘੰਟੇ ਦੇ ਬਿਜਲੀ ਕੱਟਾਂ ਕਾਰਨ ਪਾਣੀ ਲਈ ਮਚੀ ਤ੍ਰਾਹੀ-ਤ੍ਰਾਹੀ! ਕਿਊਬਾ 'ਚ 1 ਕਰੋੜ ਲੋਕ ਵੱਡੇ ਸੰਕਟ 'ਚ
Friday, May 29, 2026 - 01:01 PM (IST)
ਹਵਾਨਾ (ਏ.ਪੀ.): ਕਿਊਬਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਊਰਜਾ ਅਤੇ ਜਲ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਤੇਲ ਦੀ ਭਾਰੀ ਕਿੱਲਤ ਕਾਰਨ ਦੇਸ਼ ਦੀ ਜਲ ਸਪਲਾਈ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲਗਭਗ 30 ਲੱਖ (3 ਮਿਲੀਅਨ) ਲੋਕ ਹਰ ਰੋਜ਼ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਸਰਕਾਰੀ ਅਧਿਕਾਰੀਆਂ ਨੇ ਇਸ ਮਾੜੀ ਹਾਲਤ ਲਈ ਅਮਰੀਕਾ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਵਾਟਰ ਰਿਸੋਰਸਿਜ਼ ਦੇ ਪ੍ਰਧਾਨ ਐਂਟੋਨੀਓ ਰੋਡਰਿਗਜ਼ ਨੇ ਦੱਸਿਆ ਕਿ ਦੇਸ਼ ਦਾ ਜਲ ਸਪਲਾਈ ਵਿਭਾਗ ਆਪਣੀ ਲੋੜ ਦਾ ਸਿਰਫ਼ 37 ਫੀਸਦੀ ਤੇਲ ਹੀ ਹਾਸਲ ਕਰ ਪਾ ਰਿਹਾ ਹੈ। ਪਾਣੀ ਦੀ ਪੰਪਿੰਗ ਵਿੱਚ ਬਿਜਲੀ ਦੀ ਭਾਰੀ ਖਪਤ ਹੁੰਦੀ ਹੈ ਅਤੇ ਤੇਲ ਦੀ ਕਮੀ ਕਾਰਨ ਨਾ ਸਿਰਫ਼ ਸਪਲਾਈ ਰੁਕੀ ਹੈ, ਸਗੋਂ ਪਾਈਪਾਂ ਦੀ ਸਫ਼ਾਈ, ਮੁਰੰਮਤ ਅਤੇ ਕੈਮੀਕਲਸ ਦੀ ਦਰਾਮਦ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਮੀਕਲ ਟੈਂਕ ਧਮਾਕਾ : ਲਾਪਤਾ ਨੌਂ ਮਜ਼ਦੂਰਾਂ 'ਚੋਂ ਛੇ ਦੀਆਂ ਲਾਸ਼ਾਂ ਬਰਾਮਦ
ਕਿਊਬਾ ਦੀ ਲਗਭਗ 1 ਕਰੋੜ (10 ਮਿਲੀਅਨ) ਦੀ ਆਬਾਦੀ ਰੁਕ-ਰੁਕ ਕੇ ਹੋ ਰਹੀ ਜਲ ਸਪਲਾਈ ਕਾਰਨ ਪ੍ਰੇਸ਼ਾਨ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਰੋਜ਼ਾਨਾ 20-20 ਘੰਟੇ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਨਾ ਵਰਗੇ ਵੱਡੇ ਸ਼ਹਿਰਾਂ ਵਿੱਚ ਪੁਰਾਣਾ ਢਾਂਚਾ ਅਤੇ ਓਵਰਲੋਡ ਪੰਪਿੰਗ ਸਟੇਸ਼ਨ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਰਹੇ ਹਨ। ਕਈ ਇਲਾਕਿਆਂ ਵਿੱਚ ਟੈਂਕਰਾਂ ਰਾਹੀਂ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਵੀ ਨਾਕਾਫ਼ੀ ਸਾਬਤ ਹੋ ਰਹੀ ਹੈ।
ਰਿਪੋਰਟਾਂ ਅਨੁਸਾਰ, ਜਨਵਰੀ ਤੋਂ ਅਮਰੀਕਾ ਨੇ ਕਿਊਬਾ 'ਤੇ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ 'ਤੇ ਵੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜੋ ਕਿਊਬਾ ਨੂੰ ਤੇਲ ਵੇਚਣਗੇ। ਜ਼ਿਕਰਯੋਗ ਹੈ ਕਿ ਕਿਊਬਾ ਆਪਣੀ ਲੋੜ ਦਾ ਸਿਰਫ਼ 40 ਫੀਸਦੀ ਤੇਲ ਹੀ ਖ਼ੁਦ ਪੈਦਾ ਕਰਦਾ ਹੈ ਅਤੇ ਬਾਕੀ ਲਈ ਉਹ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਵਿੱਤੀ ਸੰਕਟ ਇੰਨਾ ਗਹਿਰਾ ਹੈ ਕਿ ਜਿਸ ਵਿਭਾਗ ਨੇ ਪਹਿਲਾਂ ਸਾਲਾਨਾ 100 ਮਿਲੀਅਨ ਡਾਲਰ ਦੇ ਪੁਰਜ਼ੇ ਖਰੀਦੇ ਸਨ, ਉਸ ਨੇ ਪਿਛਲੇ ਸਾਲ ਸਿਰਫ਼ 10 ਮਿਲੀਅਨ ਡਾਲਰ ਦੀ ਖਰੀਦਦਾਰੀ ਹੀ ਕੀਤੀ ਹੈ। ਵਿਦੇਸ਼ੀ ਸਪਲਾਇਰਾਂ ਨੇ ਪੇਮੈਂਟ ਅਤੇ ਸ਼ਿਪਿੰਗ ਦੀਆਂ ਮੁਸ਼ਕਲਾਂ ਕਾਰਨ ਕਿਊਬਾ ਨਾਲ ਇਕਰਾਰਨਾਮੇ ਮੁਅੱਤਲ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
