ਬ੍ਰੈਗਜ਼ਿਟ ਤੋਂ ਬਾਅਦ ਦਾ ਸਮਝੌਤਾ ‘ਗੰਭੀਰ ਸਥਿਤੀ’ ''ਚ, ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਦਿੱਤੀ ਚਿਤਾਵਨੀ
Saturday, Dec 19, 2020 - 08:12 AM (IST)
ਲੰਡਨ, (ਭਾਸ਼ਾ)–ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰੈਗਜਿਟ ਤੋਂ ਬਾਅਦ ਯੂਰਪੀ ਸੰਘ (ਈ. ਯੂ.) ਨਾਲ ਵਪਾਰ ਸਮਝੌਤੇ ਦੀ ਗੱਲਬਾਤ ‘ਗੰਭੀਰ ਸਥਿਤੀ’ ਵਿਚ ਹੈ ਅਤੇ ‘ਬਹੁਤ ਸੰਭਵ’ ਹੈ ਕਿ ਹੁਣ ਕੋਈ ਵਪਾਰ ਸਮਝੌਤਾ ਨਾ ਹੋ ਸਕੇ।
ਬ੍ਰਿਟੇਨ ਅਤੇ ਯੂਰਪੀ ਸੰਘ ਕੋਲ ਵਪਾਰ ਸਮਝੌਤੇ ਲਈ 31 ਦਸੰਬਰ ਤੱਕ ਦਾ ਸਮਾਂ ਹੈ। ਦੋਵੇਂ ਪੱਖਾਂ ਦੇ ਵਾਰਤਾਕਾਰਾਂ ਨੇ ਸ਼ੁੱਕਰਵਾਰ ਨੂੰ ਚਰਚਾ ਮੁੜ ਸ਼ੁਰੂ ਕੀਤੀ ਪਰ ਵੀਰਵਾਰ ਰਾਤ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨਾਲ ਫੋਨ ’ਤੇ ਗੱਲਬਾਤ ਤੋਂ ਬਾਅਦ ਜਾਨਸਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਯੂਰਪੀ ਸੰਘ ਆਪਣਾ ਰੁਖ਼ ਬਦਲਣ ਲਈ ਤਿਆਰ ਨਹੀਂ ਹੁੰਦਾ, ਸਮਝੌਤਾ ਪਹੁੰਚ ਤੋਂ ਬਾਹਰ ਰਹੇਗਾ।
ਦੋਹਾਂ ਪੱਖਾਂ ਦਰਮਿਆਨ ਸਹਿਮਤੀ ’ਚ ਮੁੱਖ ਰੁਕਾਵਟ ਇਕ-ਦੂਜੇ ਦੀ ਜਲ ਸੀਮਾ ’ਚ ਮੱਛੀ ਫੜ੍ਹਨ ਦਾ ਅਧਿਕਾਰ ਦੇਣ ਅਤੇ ਅਣਉਚਿੱਤ ਮੁਕਾਬਲੇਬਾਜ਼ੀ ਨੂੰ ਰੋਕਣ ਲਈ ਘਰੇਲੂ ਉਦਯੋਗਾਂ ਨੂੰ ਸੂਬੇ ਵਲੋਂ ਦਿੱਤੀ ਜਾ ਸਕਣ ਵਾਲੀ ਮਦਦ ਨੂੰ ਲੈ ਕੇ ਹੈ। ਪ੍ਰਧਾਨ ਮੰਤਰੀ ਆਵਾਸ ਦੇ ਇਕ ਬੁਲਾਰੇ ਨੇ ਦੋਹਾਂ ਨੇਤਾਵਾਂ ਦੀ ਫੋਨ ’ਤੇ ਗੱਲਬਾਤ ਤੋਂ ਬਾਅਦ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੱਲਬਾਤ ਹੁਣ ਗੰਭੀਰ ਸਥਿਤੀ ’ਚ ਹੈ। ਸਮਾਂ ਬਹੁਤ ਘੱਟ ਹੈ ਅਤੇ ਹੁਣ ਬਹੁਤ ਸੰਭਵ ਹੈ ਕਿ ਜਦੋਂ ਤੱਕ ਯੂਰਪੀ ਸੰਘ ਆਪਣੇ ਰੁਖ ’ਚ ਬਦਲਾਅ ਨਹੀਂ ਕਰਦਾ, ਉਦੋਂ ਤੱਕ ਸਮਝੌਤਾ ਨਹੀਂ ਹੋਵੇਗਾ।