ਪੋਪ ਨੇ ਬਦਲੇ ਨਿਯਮ, ਹੁਣ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਦੇ ਨਾਂ ਕੀਤੇ ਜਾਣਗੇ ਨਸ਼ਰ
Thursday, Dec 19, 2019 - 12:59 PM (IST)

ਵੈਟੀਕਨ ਸਿਟੀ— ਹੁਣ ਚਰਚ ਆਪਣੇ ਇੱਥੇ ਹੋਏ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਅਤੇ ਗਵਾਹਾਂ ਦੇ ਨਾਂ ਛੁਪਾ ਨਹੀਂ ਸਕੇਗੀ ਭਾਵ ਚਰਚ ਇਨ੍ਹਾਂ ਦੇ ਨਾਂ ਨਸ਼ਰ ਕਰੇਗੀ। ਚਰਚ ਨੂੰ ਉਨ੍ਹਾਂ ਦੋਸ਼ੀਆਂ ਦੇ ਨਾਂ ਦੱਸਣੇ ਹੀ ਹੋਣਗੇ ਜੋ ਪਾਦਰੀ ਜਾਂ ਉਨ੍ਹਾਂ ਤੋਂ ਉੱਚੇ ਅਹੁਦਿਆਂ 'ਤੇ ਬੈਠੇ ਹਨ। ਪਹਿਲਾਂ ਚਰਚ ਅਕਸਰ ਅਜਿਹੇ ਲੋਕਾਂ ਦੇ ਨਾਂ ਪੌਂਟੀਫਿਕਲ ਸੀਕਰੇਸੀ ਨਿਯਮ ਤਹਿਤ ਨਹੀਂ ਦੱਸਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੀੜਤ ਦੀ ਨਿੱਜਤਾ ਅਤੇ ਦੋਸ਼ੀ ਦੀ ਇੱਜ਼ਤ ਖਾਤਰ ਨਾਂ ਛੁਪਾਉਣੇ ਜ਼ਰੂਰੀ ਹਨ।
ਹੁਣ ਪੋਪ ਨੇ ਨਵੇਂ ਨਿਯਮਾਂ ਦੇ ਦਸਤਾਵੇਜ਼ ਜਾਰੀ ਕਰਦੇ ਹੋਏ ਘੋਸ਼ਣਾ ਕੀਤੀ ਹੈ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਪੌਂਟੀਫਿਕਲ ਸੀਕਰੇਸੀ ਲਾਗੂ ਨਹੀਂ ਹੋਵੇਗੀ। ਜਾਂਚ 'ਚ ਪਾਰਦਰਸ਼ਤਾ ਲਈ ਨਿਯਮ ਖਤਮ ਕਰ ਦਿੱਤਾ ਗਿਆ ਹੈ। ਪੋਪ ਨੇ ਚਾਈਲਡ ਪੋਰਨੋਗ੍ਰਾਫੀ ਦੀ ਵੈਟੀਕਨ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ। ਹੁਣ ਪੋਰਨ ਵੀਡੀਓ 'ਚ 18 ਜਾਂ ਇਸ ਤੋਂ ਘੱਟ ਉਮਰ ਦੇ ਵਿਅਕਤੀ ਹੋਣ ਤਾਂ ਇਸ ਨੂੰ ਚਾਈਲਡ ਪੋਰਨੋਗ੍ਰਾਫੀ ਮੰਨਿਆ ਜਾਵੇਗਾ। ਪਹਿਲਾਂ ਇਹ ਉਮਰ ਹੱਦ 14 ਸਾਲ ਸੀ। ਫਰਵਰੀ 'ਚ ਹੋਏ ਵੈਟੀਕਨ ਸਮਿਟ 'ਚ ਪੌਂਟੀਫਿਕਲ ਸੀਕਰੇਸੀ ਖਤਮ ਕਰਨ ਦੀ ਮੰਗ ਉੱਠੀ ਸੀ।
ਇਹ ਹਨ ਨਵੇਂ ਨਿਯਮ—
- ਨਵੇਂ ਨਿਯਮਾਂ ਤਹਿਤ ਪੀੜਤ ਤੇ ਗਵਾਹ ਆਪਣੀ ਮਰਜ਼ੀ ਨਾਲ ਨਾਂ ਸਾਹਮਣੇ ਪੇਸ਼ ਕਰ ਸਕਦੇ ਹਨ ਪਰ ਦੋਸ਼ੀਆਂ ਦੇ ਨਾਂ ਚਰਚ ਨੂੰ ਦੱਸਣੇ ਹੀ ਪੈਣਗੇ।
- ਨਿਯਮਾਂ 'ਚ ਬਦਲਾਅ ਦੇ ਬਾਵਜੂਦ ਪੀੜਤ ਦੀ ਸੁਰੱਖਿਆ ਦੇ ਲਿਹਾਜ ਨਾਲ ਨਿੱਜਤਾ ਬਰਕਰਾਰ ਰੱਖੀ ਜਾਵੇਗੀ।
- ਵੈਟੀਕਨ ਦੇ ਅਧਿਕਾਰੀ ਜਾਂਚ 'ਚ ਨਿਆਂਇਕ ਸੰਸਥਾਵਾਂ ਦੇ ਕਾਨੂੰਨ ਮੁਤਾਬਕ ਪੂਰਾ ਸਹਿਯੋਗ ਕਰਨਗੇ।
- ਚਰਚ ਆਪਣੇ ਇੱਥੇ ਹੋਏ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਣਕਾਰੀ ਸਬੰਧਤ ਸਥਾਨ ਦੇ ਪ੍ਰਸ਼ਾਸਨ ਨੂੰ ਦੇਵੇਗਾ।