ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਨਜ਼ਰ-ਅੰਦਾਜ ਕਰਨ ਦੇ ਦਾਅਵੇ ''ਤੇ ਪੋਪ ਨੇ ਸਾਧੀ ਚੁੱਪੀ

08/28/2018 10:40:52 AM

ਵੈਟੀਕਨ ਸਿਟੀ (ਭਾਸ਼ਾ)— ਪੋਪ ਫਰਾਂਸਿਸ ਨੇ ਉਸ ਦਾਅਵੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਕ ਸੀਨੀਅਰ ਪਾਦਰੀ 'ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਨਜ਼ਰ-ਅੰਦਾਜ ਕੀਤਾ। ਇਸ ਦਰਮਿਆਨ ਇਹ ਅਟਕਲਾਂ ਵੀ ਲੱਗ ਰਹੀਆਂ ਹਨ ਕਿ ਕੈਥੋਲਿਕ ਚਰਚਾਂ ਵਿਚ ਜੋ ਰੂੜੀਵਾਦੀ ਤੱਤ ਹਨ, ਉਹ ਇਸ ਮੁੱਦੇ ਦਾ ਇਸਤੇਮਾਲ ਉਦਾਰ ਪਾਦਰੀ ਨੂੰ ਹਟਾਉਣ ਦੇ ਉਦੇਸ਼ ਨਾਲ ਉੱਥਲ-ਪੁੱਥਲ ਪੈਦਾ ਕਰਨ ਲਈ ਕਰ ਸਕਦੇ ਹਨ। 

ਅਮਰੀਕਾ ਵਿਚ ਵੈਟੀਕਨ ਦੇ ਸਾਬਕਾ ਰਾਜਦੂਤ ਆਰਚਬਿਸ਼ਪ ਕਾਰਲੋ ਮਾਰੀਆ ਵਿਗਾਨੋ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਮੰਨੇ-ਪ੍ਰਮੰਨੇ ਅਮਰੀਕੀ ਪਾਦਰੀ ਥਿਊਡੋਰ ਮੈਕਕੇਰਿਕ 'ਤੇ ਲੱਗੇ ਦੋਸ਼ਾਂ ਬਾਰੇ ਪੋਪ ਨੂੰ ਸਾਲ 2013 ਵਿਚ ਹੀ ਦੱਸ ਦਿੱਤਾ ਸੀ। ਥਿਊਡੋਰ ਨੂੰ ਪਿਛਲੇ ਮਹੀਨੇ ਅਸਤੀਫਾ ਦੇਣਾ ਪਿਆ ਸੀ। ਓਧਰ ਵਿਗਾਨੋ ਨੇ ਕਿਹਾ ਕਿ ਥਿਊਡੋਰ ਨੂੰ ਸਜ਼ਾ ਦੇਣ ਦੀ ਬਜਾਏ ਫਰਾਂਸਿਸ ਨੇ ਉਸ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਲਿਆ, ਜੋ ਉਨ੍ਹਾਂ ਦੇ ਸਾਬਕਾ ਪੋਪ ਬੇਨੇਡਿਕਟ 16ਵੇਂ ਨੇ ਲਾਈਆਂ ਸਨ।

ਵਿਗਾਨੋ ਨੇ ਅੱਗੇ ਕਿਹਾ ਕਿ ਚਰਚ 'ਚ ਭ੍ਰਿਸ਼ਟਾਚਾਰ ਸਭ ਤੋਂ ਉੱਚ ਪੱਧਰ ਤਕ ਪਹੁੰਚ ਚੁੱਕਾ ਹੈ। ਜਿਸ ਚਿੱਠੀ 'ਚ ਉਨ੍ਹਾਂ ਨੇ ਇਹ ਕਿਹਾ ਹੈ, 11 ਪੰਨਿਆਂ ਦੀ ਉਹ ਚਿੱਠੀ ਨੈਸ਼ਨਲ ਕੈਥੋਲਿਕ ਰਜਿਸਟਰ ਵਿਚ ਛਪੀ ਹੈ। ਪੋਪ ਨੇ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਡਰਬਿਨ ਤੋਂ ਰੋਮ ਆਉਂਦੇ ਸਮੇਂ ਪੋਪ ਨੇ ਕਿਹਾ, ''ਮੈਂ ਉਸ ਬਾਰੇ ਇਕ ਸ਼ਬਦ ਵੀ ਨਹੀਂ ਕਹਾਂਗਾ। ਫਰਾਂਸਿਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਚਿੱਠੀ ਨੂੰ ਧਿਆਨ ਨਾਲ ਪੜ੍ਹ ਕੇ ਇਸ ਬਾਰੇ ਖੁਦ ਹੀ ਫੈਸਲਾ ਕਰਨ। ਉਨ੍ਹਾਂ ਨੇ ਕਿਹਾ ਕਿ ਸਿੱਟੇ 'ਤੇ ਪਹੁੰਚਣ ਦੀ ਤੁਹਾਡੇ ਕੋਲ ਉੱਚਿਤ ਸਮਰੱਥਾ ਹੈ।''


Related News