ਰਿਹਾਇਸ਼ੀ ਸਕੂਲਾਂ 'ਚ ਬੱਚਿਆਂ ਨਾਲ ਬਦਸਲੂਕੀ 'ਤੇ ਪੋਪ ਦੀ ਮੁਆਫ਼ੀ ਕਾਫੀ ਨਹੀਂ : ਕੈਨੇਡੀਅਨ ਸਰਕਾਰ

Thursday, Jul 28, 2022 - 06:11 PM (IST)

ਰਿਹਾਇਸ਼ੀ ਸਕੂਲਾਂ 'ਚ ਬੱਚਿਆਂ ਨਾਲ ਬਦਸਲੂਕੀ 'ਤੇ ਪੋਪ ਦੀ ਮੁਆਫ਼ੀ ਕਾਫੀ ਨਹੀਂ : ਕੈਨੇਡੀਅਨ ਸਰਕਾਰ

ਕਿਊਬਿਕ ਸਿਟੀ (ਭਾਸ਼ਾ)- ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਦੇਸ਼ ਵਿਚ ਚਰਚ ਦੁਆਰਾ ਚਲਾਏ ਜਾ ਰਹੇ ਰਿਹਾਇਸ਼ੀ ਸਕੂਲਾਂ ਵਿੱਚ ਆਦਿਵਾਸੀ ਲੋਕਾਂ 'ਤੇ ਹੋਏ ਅੱਤਿਆਚਾਰਾਂ ਲਈ ਪੋਪ ਫ੍ਰਾਂਸਿਸ ਦੀ ਮੁਆਫ਼ੀ ਕਾਫੀ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਤੀਤ ਦੇ ਮਾੜੇ ਵਿਹਾਰ ਲਈ ਮੌਜੂਦਾ ਸੁਲ੍ਹਾ-ਸਫ਼ਾਈ ਦੇ ਯਤਨਾਂ ਵਿੱਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪੋਪ ਫ੍ਰਾਂਸਿਸ ਕੈਨੇਡਾ ਦੇ ਆਪਣੇ ਹਫ਼ਤੇ ਭਰ ਦੇ ਦੌਰੇ ਦੇ ਦੂਜੇ ਪੜਾਅ ਦੌਰਾਨ ਕਿਊਬਿਕ ਸਿਟੀ ਪਹੁੰਚੇ, ਜਿੱਥੇ ਉਨ੍ਹਾਂ ਨੇ ਗਵਰਨਰ ਜਨਰਲ ਮੈਰੀ ਸਾਈਮਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਫ੍ਰਾਂਸਿਸ ਨੇ ਕਿਹਾ ਕਿ ਉਹ ਰਿਹਾਇਸ਼ੀ ਸਕੂਲਾਂ ਵਿੱਚ ਚਰਚ ਦੀ ਭੂਮਿਕਾ ਨੂੰ ਲੈ ਕੇ "ਪਛਤਾਵੇ ਦੀ ਯਾਤਰਾ" 'ਤੇ ਆਏ ਹਨ। 

ਕੈਨੇਡਾ ਵਿੱਚ ਪੀੜ੍ਹੀਆਂ ਤੋਂ ਆਦਿਵਾਸੀ ਬੱਚਿਆਂ ਨੂੰ ਜ਼ਬਰਦਸਤੀ ਘਰ ਤੋਂ ਬਾਹਰ ਕੱਢ ਕੇ ਚਰਚ ਦੁਆਰਾ ਸੰਚਾਲਿਤ ਅਤੇ ਸਰਕਾਰੀ ਫੰਡ ਵਾਲੇ ਸਕੂਲਾਂ ਵਿੱਚ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਜੋ ਉਹਨਾਂ ਨੂੰ ਈਸਾਈਅਤ ਅਤੇ ਕੈਨੇਡੀਅਨ ਸਮਾਜ ਵਿਚ ਸ਼ਾਮਲ ਕੀਤਾ ਜਾ ਸਕੇ। ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਜਿਨਸੀ ਸ਼ੋਸ਼ਣ ਅਤੇ ਹਮਲਾ ਆਮ ਗੱਲ ਸੀ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ 'ਤੇ ਵੀ ਕੁੱਟਿਆ ਜਾਂਦਾ ਸੀ। ਫ੍ਰਾਂਸਿਸ ਨੇ ਉਸ ਸਮੇਂ ਸਕੂਲਾਂ ਵਿਚ ਕੰਮ ਕਰਨ ਵਾਲੇ ਚਰਚ ਦੇ ਕਰਮਚਾਰੀਆਂ ਦੇ ਕੰਮਾਂ ਲਈ ਸੋਮਵਾਰ ਨੂੰ ਮੁਆਫ਼ੀ ਮੰਗੀ। 

ਪੜ੍ਹੋ ਇਹ ਅਹਿਮ ਖ਼ਬਰ-ਉਮੀਦ ਦੀ ਕਿਰਨ : HIV ਤੋਂ ਠੀਕ ਹੋਇਆ 'ਚੌਥਾ' ਮਰੀਜ਼, 31 ਸਾਲ ਤੋਂ ਪੀੜਤ ਸੀ ਵਾਇਰਸ ਨਾਲ

ਟਰੂਡੋ ਦੇ ਪਿਤਾ ਪੀਅਰੇ ਟਰੂਡੋ ਪ੍ਰਧਾਨ ਮੰਤਰੀ ਸਨ, ਜਦੋਂ ਕੈਨੇਡਾ ਵਿੱਚ ਅਜਿਹੇ ਰਿਹਾਇਸ਼ੀ ਸਕੂਲ ਸੰਚਾਲਨ ਦੇ ਅੰਤਿਮ ਪੜਾਅ ਵਿੱਚ ਸਨ। ਜਸਟਿਨ ਨੇ ਕਿਹਾ ਕਿ ਕੈਥੋਲਿਕ ਚਰਚ ਨੂੰ ਇੱਕ ਸੰਸਥਾ ਵਜੋਂ ਪਿਛਲੇ ਅੱਤਿਆਚਾਰਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸੁਲ੍ਹਾ-ਸਫਾਈ ਲਈ ਹੋਰ ਕੰਮ ਕਰਨ ਦੀ ਲੋੜ ਹੈ। ਫ੍ਰਾਂਸਿਸ ਸਾਹਮਣੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ 2015 ਦੇ ਸੱਚ ਅਤੇ ਸੁਲ੍ਹਾ ਕਮਿਸ਼ਨ ਨੇ ਪੋਪ ਨੂੰ ਕੈਨੇਡਾ ਦੀ ਧਰਤੀ 'ਤੇ ਆ ਕੇ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਸੀ ਪਰ ਅਜਿਹਾ ਸੰਭਵ ਨਹੀਂ ਹੁੰਦਾ ਜੇਕਰ ਮੂਲ ਨਿਵਾਸੀ, ਇਨੂਇਟ ਅਤੇ ਮੈਟਿਸ ਭਾਈਚਾਰੇ ਦੇ ਲੋਕਾਂ ਨੇ ਵੈਟੀਕਨ ਜਾ ਕੇ ਮੁਆਫ਼ੀ ਮੰਗਣ ਦਾ ਦਬਾਅ ਨਾ ਬਣਾਇਆ ਹੁੰਦਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News