ਵੱਡੀ ਖਬਰ! UK 'ਚ 24 ਘੰਟੇ ਦੇ ਫਰਕ 'ਚ ਕੋਰੋਨਾ ਨਾਲ ਭਾਰਤੀ ਪਿਓ-ਧੀ ਦੀ ਮੌਤ

Saturday, Mar 28, 2020 - 02:11 PM (IST)

ਵੱਡੀ ਖਬਰ! UK 'ਚ 24 ਘੰਟੇ ਦੇ ਫਰਕ 'ਚ ਕੋਰੋਨਾ ਨਾਲ ਭਾਰਤੀ ਪਿਓ-ਧੀ ਦੀ ਮੌਤ

ਲੰਡਨ- ਯੂ. ਕੇ. ਤੋਂ ਇਕ ਵੱਡੀ ਖਬਰ ਹੈ ਕਿ ਇੱਥੇ ਇਕ ਭਾਰਤੀ ਪਿਓ-ਧੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਦਿ ਸਨ ਦੀ ਰਿਪੋਰਟ ਮੁਤਾਬਕ, 61 ਸਾਲਾ ਸੁਧੀਰ ਸ਼ਰਮਾ ਹੀਥਰੋ ਇਮੀਗ੍ਰੇਸ਼ਨ ਵਿਚ ਫਰੰਟਲਾਈਨ ਅਧਿਕਾਰੀ ਸਨ ਅਤੇ ਉਨ੍ਹਾਂ ਦੀ ਮੌਤ ਬੁੱਧਵਾਰ ਨੂੰ ਹੋ ਗਈ, ਜਦੋਂਕਿ ਵੀਰਵਾਰ ਨੂੰ ਉਨ੍ਹਾਂ ਦੀ 33 ਸਾਲਾ ਧੀ ਪੂਜਾ ਨੇ ਵੀ ਦਮ ਤੋੜ ਦਿੱਤਾ ਹੈ। ਪੂਜਾ ਸ਼ਰਮਾ ਇਕ ਫਾਰਮਿਸਟ ਸੀ। 

ਅਧਿਕਾਰੀਆਂ ਦਾ ਮੰਨਣਾ ਹੈ ਕਿ ਸੁਧੀਰ ਨੂੰ ਕੋਰੋਨਾ ਵਾਇਰਸ ਸੰਕਰਮਣ ਕੰਮ ਦੌਰਾਨ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਆਖਰੀ ਵਾਰ 7 ਜਨਵਰੀ ਨੂੰ ਡਿਊਟੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸੁਧੀਰ ਨੂੰ ਇਹ ਵਾਇਰਸ ਕਿਤੋਂ ਹੋਰ ਹੋਇਆ ਹੋ ਸਕਦਾ ਹੈ। ਸੁਧੀਰ ਪੱਛਮੀ ਲੰਡਨ ਦੇ ਹਾਉਮਸਲੋ ਦੇ ਰਹਿਣ ਵਾਲੇ ਸਨ ਤੇ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਸਿਹਤ ਸਬੰਧੀ ਕੁੱਝ ਪਰੇਸ਼ਾਨੀਆਂ ਸਨ। ਇਸ ਕਾਰਨ ਉਹ ਕੰਮ ਤੋਂ ਵੀ ਛੁੱਟੀ ‘ਤੇ ਸਨ।

ਦੱਸਿਆ ਜਾ ਰਿਹਾ ਹੈ ਕਿ ਸੁਧੀਰ ਦੀ ਪਤਨੀ ਵੀ ਆਈਸੋਲੇਸ਼ਨ ਵਿਚ ਹੋਣ ਕਾਰਨ ਅੰਤਿਮ ਸੰਸਕਾਰ ਵਿਚ ਹਿੱਸਾ ਨਹੀਂ ਲੈ ਸਕਣਗੇ। ਰਿਪੋਰਟਾਂ ਮੁਤਾਬਕ ਸੁਧੀਰ ਸ਼ਰਮਾ ਦੀ ਧੀ ਪੂਜਾ ਦਾ ਬੀਤੇ ਤਿੰਨ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਮੌਤ ਤੋਂ ਪਹਿਲਾਂ ਧੀ ਅਤੇ ਪਿਤਾ ਇਕੱਠੇ ਰਹੇ ਸਨ ਜਾਂ ਨਹੀਂ।


author

Lalita Mam

Content Editor

Related News