ਟਰੰਪ ਮਹਾਦੋਸ਼ ਮਾਮਲੇ ''ਚ ਵਿਦੇਸ਼ ਮੰਤਰਾਲਾ ਕਰੇਗਾ ਕਾਨੂੰਨ ਦਾ ਪਾਲਣ : ਪੋਂਪੀਓ
Sunday, Oct 06, 2019 - 11:37 AM (IST)

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ 'ਚ ਵਿਦੇਸ਼ ਮੰਤਰਾਲਾ ਕਾਨੂੰਨ ਦਾ ਪਾਲਣ ਕਰੇਗਾ। ਪੋਂਪੀਓ ਯੂਨਾਨ ਦੀ ਯਾਤਰਾ 'ਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ 'ਚ ਸ਼ੁੱਕਰਵਾਰ ਰਾਤ ਕਾਂਗਰਸ ਨੂੰ ਇਕ ਪੱਤਰ ਭੇਜਿਆ ਅਤੇ ਕਾਂਗਰਸ ਦੀ ਇਕ ਕਮੇਟੀ ਵਲੋਂ ਮੰਗੇ ਦਸਤਾਵੇਜ਼ ਦੇ ਸਬੰਧ 'ਚ ਵਿਦੇਸ਼ ਮੰਤਰਾਲੇ ਨੇ ਅਜਿਹਾ ਕੀਤਾ।
ਪੋਂਪੀਓ ਨੇ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ,''ਨਿਸ਼ਚਿਤ ਰੂਪ ਨਾਲ ਅਸੀਂ ਉਹ ਹਰ ਚੀਜ਼ ਕਰਾਂਗੇ ਜਿਸ ਨੂੰ ਕਾਨੂੰਨੀ ਰੂਪ ਨਾਲ ਕਰਨ ਦੀ ਜ਼ਰੂਰਤ ਹੋਵੇਗੀ। ਮੈਂ ਕਾਂਗਰਸ ਦਾ ਮੈਂਬਰ ਰਹਿ ਚੁੱਕਾ ਹਾਂ। ਧਾਰਾ-1 ਕੋਲ ਕੁਝ ਨਿਸ਼ਚਿਤ ਸ਼ਕਤੀਆਂ ਹਨ ਅਤੇ ਧਾਰਾ-2 'ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੀ ਰੱਖਿਆ ਨਿਸ਼ਚਿਤ ਕਰਨ ਦੀ ਗੱਲ ਆਖੀ ਗਈ।'' ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਮੇਟੀ 'ਚ ਕਈ ਅਜਿਹੀਆਂ ਜਾਂਚਾਂ ਹੋਈਆਂ ਹਨ, ਜਿਨ੍ਹਾਂ 'ਚ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਸਿੱਧੇ ਤੌਰ 'ਤੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਅਤੇ ਦਸਤਾਵੇਜ਼ ਮੁਹੱਈਆ ਕਰਾਉਣ ਦੀ ਮੰਗ ਕੀਤੀ। ਇਹ ਦਸਤਾਵੇਜ਼ ਵਿਦੇਸ਼ ਮੰਤਰਾਲੇ ਦੇ ਹਨ ਅਤੇ ਅਧਿਕਾਰਕ ਅਮਰੀਕੀ ਸਰਕਾਰ ਦੇ ਰਿਕਾਰਡ ਹਨ। ਪੋਂਪੀਓ ਤੋਂ ਜਦ ਟਰੰਪ ਖਿਲਾਫ ਜਾਂਚ ਲਈ ਰਸਮੀ ਤੌਰ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਇਸ 'ਚ ਰਾਜਨੀਤੀ ਸ਼ਾਮਲ ਹੈ।